<

p> ਪੱਤਰ ਪ੍ਰਰੇਰਕ, ਫ਼ਤਹਿਗੜ੍ਹ ਸਾਹਿਬ :

ਨਜ਼ਦੀਕੀ ਪਿੰਡ ਤਲਾਣੀਆਂ ਦੇ ਰਜ਼ਵਾਹੇ ਨੇੜੇ ਹੋਈ 2 ਕਾਰਾਂ ਦੀ ਟੱਕਰ ਮਗਰੋਂ ਕਾਰ ਰਜਵਾਹੇ 'ਚ ਡਿਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਕਸ਼ਿਸ਼ ਵਾਸੀ ਸਰਹਿੰਦ ਸ਼ਨਿੱਚਰਵਾਰ ਸਵੇਰੇ ਕਰੀਬ 10 ਵਜੇ ਸਵਿਫਟ ਕਾਰ ਵਿਚ ਤਲਾਣੀਆਂ ਤੋਂ ਫਿਰੋਜ਼ਪੁਰ ਵੱਲ ਜਾ ਰਿਹਾ ਸੀ ਜਦੋਂ ਉਹ ਰਜਵਾਹੇ ਨਜ਼ਦੀਕ ਪੁੱਜਾ ਤਾਂ ਬੱਸੀ ਪਠਾਣਾਂ ਵੱਲੋਂ ਆ ਰਹੀ ਕਾਰ ਉਸ ਦੀ ਕਾਰ ਵਿਚ ਆ ਵੱਜੀ ਜਿਸ ਕਰ ਕੇ ਉਸ ਦੀ ਕਾਰ ਰਜਵਾਹੇ ਵਿਚ ਡਿਗ ਕੇ ਪਲਟ ਗਈ। ਬੇਸ਼ੱਕ ਇਸ ਹਾਦਸੇ ਵਿਚ ਜਾਨੀ ਨੁਕਸਾਨ ਹੋਣੋਂ ਬਚ ਗਿਆ ਪਰ ਦੋਵੇਂ ਕਾਰਾਂ ਨੁਕਸਾਨੀਆਂ ਗਈਆਂ। ਪਿੰਡ ਵਾਸੀ ਰਣਦੇਵ ਸਿੰਘ ਦੇਬੀ ਨੇ ਦੱਸਿਆ ਕਿ ਰਜਵਾਹੇ ਤੋਂ ਆਲੇ ਦੁਆਲੇ ਦੇ ਪਿੰਡਾਂ ਨੂੰ ਸੜਕਾਂ ਜਾਣ ਕਰ ਕੇ ਚੌਰਾਹਾ ਬਣਿਆ ਹੋਇਆ ਹੈ ਤੇ ਇਨ੍ਹਾਂ ਸੜਕਾਂ ਦੁਆਲੇ ਘਾਹ ਖੜ੍ਹਾ ਹੈ ਜਿਸ ਕਰ ਕੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਸਪਸ਼ਟ ਨਜ਼ਰ ਨਾ ਕਰ ਕੇ ਅਕਸਰ ਇਸ ਜਗ੍ਹਾ 'ਤੇ ਹਾਦਸੇ ਵਾਪਰਦੇ ਰਹਿੰਦੇ ਹਨ। ਉਨ੍ਹਾਂ ਲੋਕ ਨਿਰਮਾਣ ਵਿਭਾਗ ਤੋਂ ਚੌਰਾਹੇ ਵਿਚ ਸਪੀਡ ਬਰੇਕਰ ਲਾਉਣ ਦੀ ਮੰਗ ਕੀਤੀ ਹੈ ਤਾਂ ਕਿ ਹਾਦਸਿਆਂ ਤੋਂ ਬਚਾ ਹੋ ਸਕੇ।