ਨਵਦੀਪ ਢੀਂਗਰਾ, ਪਟਿਆਲਾ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਵਿਖੇ ਆਪਣੀ ਰਿਹਾਇਸ਼ ਮੋਤੀ ਮਹਿਲ ਵਿੱਚ ਪੁੱਜ ਗਏ ਹਨ। ਪਟਿਆਲਾ ਦਾ ਮੇਅਰ ਬਦਲਣ ਨੂੰ ਲੈ ਕੇ ਬਹੁਮਤ ਸਾਬਤ ਕਰਨ ਲਈ ਚਾਰ ਵਜੇ ਨਗਰ ਨਿਗਮ ਵਿੱਚ ਜਨਰਲ ਹਾਊਸ ਦੀ ਮੀਟਿੰਗ ਹੋਣੀ ਹੈ ਜਿਸ ਵਿੱਚ ਹਿੱਸਾ ਲੈਣ ਲਈ ਵਿਸ਼ੇਸ਼ ਤੌਰ ਤੇ ਕੈਪਟਨ ਪਟਿਆਲਾ ਪੁੱਜ ਚੁੱਕੇ ਹਨ। ਲੋਕ ਸਭਾ ਮੈਂਬਰ ਪਰਨੀਤ ਕੌਰ, ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਉਨ੍ਹਾਂ ਦੇ ਖੇਮੇ ਦੇ ਕੌਂਸਲਰ ਪਹਿਲਾਂ ਤੋਂ ਹੀ ਮੋਤੀ ਮਹਿਲ ਵਿੱਚ ਮੌਜੂਦ ਹਨ।

LIVE UPDATES

ਸੰਜੀਵ ਬਿੱਟੂ ਬਹੁਮਤ ਸਾਬਤ ਕਰਨ ਵਿਚ ਅਸਮਰੱਥ ਰਹੇ, ਉਨ੍ਹਾਂ ਨੂੰ ਸਸਪੈਂਡ ਕਰ ਕੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਨੂੰ ਕਾਰਜਕਾਰੀ ਮੇਅਰ ਬਣਾਇਆ।

-ਸੰਜੀਵ ਬਿੱਟੂ ਨੂੰ 32 ਵੋਟਾਂ ਦੀ ਸੀ ਲੋੜ, ਮਿਲੀ 25

-ਮੀਟਿੰਗ ਸ਼ੁਰੂ ਹੁੰਦਿਆਂ ਹੀ ਹਾਲ ਵਿਚ ਹੰਗਾਮਾ ਹੋ ਗਿਆ। ਮੇਅਰ ਦੀ ਕੁਰਸੀ ਤੇ ਸੀਨੀਅਰ ਡਿਪਟੀ ਮੇਅਰ ਬੈਠੇ ਤਾਂ ਮੇਅਰ ਸੰਜੀਵ ਸ਼ਰਮਾ ਬਿੱਟੂ ਵੱਲੋਂ ਇਸ ਦਾ ਵਿਰੋਧ ਕਰਦਿਆਂ ਹੰਗਾਮਾ ਕੀਤਾ ਗਿਆ। ਇਸੇ ਦੌਰਾਨ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵੀ ਹਾਲ ਵਿੱਚ ਪੁੱਜੇ ਅਤੇ ਮੇਅਰ ਵੱਲੋਂ ਮੰਤਰੀ ਸਾਹਮਣੇ ਆਪਣਾ ਗੁੱਸਾ ਜ਼ਾਹਰ ਕੀਤਾ ਗਿਆ।

-ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਅਕਾਲੀ ਕੌਂਸਲਰ ਰਮਨਪ੍ਰੀਤ ਕੌਰ ਕੋਹਲੀ ਪੁੱਜੇ।

-ਮੇਅਰ ਸੰਜੀਵ ਸ਼ਰਮਾ ਬਿੱਟੂ ਆਪਣੇ ਸਾਥੀ ਕੌਂਸਲਰਾਂ ਦੇ ਨਾਲ ਨਗਰ ਨਿਗਮ ਦਫ਼ਤਰ ਪੁੱਜੇ ਪਰ ਉਨ੍ਹਾਂ ਨੂੰ ਸਾਥੀ ਕੌਂਸਲਰਾਂ ਦੇ ਨਾਲ ਗੇਟ ਦੇ ਬਾਹਰ ਪੁਲਿਸ ਨੇ ਰੋਕਿਆ। ਕੈਪਟਨ ਅਮਰਿੰਦਰ ਸਿੰਘ ਵੀ ਪੁੱਜੇ।

-

ਇਸ ਮੌਕੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਸਰਕਾਰ 'ਤੇ ਧੱਕੇਸ਼ਾਹੀ ਤੇ ਪੱਖਪਾਤ ਦੇ ਦੋਸ਼ ਲਗਾਏ ਹਨ। ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਬਹੁਮਤ ਉਨ੍ਹਾਂ ਦੇ ਨਾਲ ਹੈ ਪਰ ਸਰਕਾਰ ਧੱਕਾ ਕਰਕੇ ਕੌਂਸਲਰਾਂ ਨੂੰ ਦਬਾਉਣਾ ਚਾਹੁੰਦੀ ਹੈ। ਮੇਅਰ ਨੇ ਕਿਹਾ ਕਿ ਜਾਣਬੁੱਝ ਕੇ ਕੌਂਸਲਰਾਂ ਨੂੰ ਦਰਵਾਜ਼ੇ ਤੋਂ ਰੋਕਿਆ ਜਾ ਰਿਹਾ ਹੈ ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਦੀ ਗੱਡੀ ਨੂੰ ਵੀ ਨਗਰ ਨਿਗਮ ਦਾ ਦਫਤਰ ਤੱਕ ਜਾਣ ਤੋਂ ਰੋਕ ਦਿੱਤਾ ਹੈ।

- ਸਾਬਕਾ ਮੁੱਖ ਮੰਤਰੀ ਦੀ ਕਾਰ ਵੀ ਨਿਗਮ ਦਫ਼ਤਰ ਵਿੱਚ ਨਹੀਂ ਜਾਣ ਦਿੱਤੀ ਅਤੇ ਉਹ ਪੈਦਲ ਹੀ ਅੱਗੇ ਵਧੇ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਜਨਰਲ ਹਾਊਸ ਦੀ ਮੀਟਿੰਗ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਦੇਣਗੇ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਵੀ ਦਫਤਰ ਚ ਸ਼ਾਮਲ ਹੋਣ ਲਈ ਉਡੀਕ ਕਰਨੀ ਪੈ ਰਹੀ ਹੈ।

-ਸਾਬਕਾ ਮੁੱਖ ਮੰਤਰੀ ਦੀ ਪੁੱਤਰੀ ਬੀਬਾ ਜੈਇੰਦਰ ਕੌਰ ਨੂੰ ਦਫ਼ਤਰ ਵਿੱਚ ਦਾਖ਼ਲ ਹੋਣ ਨਹੀਂ ਦਿੱਤਾ ਗਿਆ। ਬੀਬਾ ਜੈਇੰਦਰ ਕੌਰ ਦਫਤਰ ਦੇ ਬਾਹਰ ਊਢੀਕ ਕਰ ਰਹੇ ਹਨ।

-ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਗੱਡੀ ਰਾਹੀਂ ਨਿਗਮ ਦਫਤਰ ਵਿਚ ਪੁੱਜੇ। ਮੇਅਰ ਸੰਜੀਵ ਸ਼ਰਮਾ ਬਿੱਟੂ ਦੇ ਵਿਰੋਧੀ ਅਤੇ ਬ੍ਰਹਮ ਮਹਿੰਦਰਾ ਦੇ ਸਮਰਥਕ ਕੌਂਸਲਰ ਨਾਅਰੇਬਾਜ਼ੀ ਕਰਦੇ ਹੋਏ ਨਿਗਮ ਦਫਤਰ ਵਿਚ ਦਾਖਲ ਹੋਏ।

-ਸੂਤਰਾਂ ਅਨੁਸਾਰ ਮੋਤੀ ਮਹਿਲ ਵਿੱਚੋਂ ਹੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮੇਅਰ ਸੰਜੀਵ ਸ਼ਰਮਾ ਬਿੱਟੂ ਤੇ ਸਾਰੇ ਕੌਂਸਲਰ ਨਗਰ ਨਿਗਮ ਵੱਲ ਇਕੱਠੇ ਰਵਾਨਾ ਹੋਣਗੇ। ਦੂਸਰੇ ਪਾਸੇ ਇਸ ਜਨਰਲ ਹਾਊਸ ਨੂੰ ਲੈ ਕੇ ਨਗਰ ਨਿਗਮ ਦਫਤਰ ਨੂੰ ਜਾਣ ਵਾਲੀ ਸੜਕ ਬੈਰੀਕੇਡ ਲਗਾ ਕੇ ਬੰਦ ਕਰ ਦਿੱਤੀ ਗਈ ਹੈ। ਪੁਲਿਸ ਦਾ ਪਹਿਰਾ ਸਖਤ ਕਰ ਦਿੱਤਾ ਗਿਆ ਹੈ। ਐੱਸਐੱਸਪੀ ਹਰਚਰਨ ਸਿੰਘ ਭੁੱਲਰ ਵੀ ਮੌਕੇ ਤੇ ਪੁੱਜ ਗਏ ਹਨ। ਮੁਲਾਜ਼ਮਾਂ ਨੂੰ ਦੁਪਹਿਰ ਸਮੇਂ ਹੀ ਛੁੱਟੀ ਕਰ ਦਿੱਤੀ ਗਈ ਹੈ।

Posted By: Tejinder Thind