ਜਗਨਾਰ ਸਿੰਘ ਦੁਲੱਦੀ, ਨਾਭਾ : ਸੂਬੇ ਦੀ ਕਾਂਗਰਸ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਸਰਕਾਰ ਹਰ ਹਾਲਤ 'ਚ ਪੂਰਾ ਕਰੇਗੀ, ਇਹ ਕਹਿਣਾ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ। ਕੈਬਨਿਟ ਮੰਤਰੀ ਧਰਮਸੋਤ ਅੱਜ ਰਿਆਸਤੀ ਸ਼ਹਿਰ ਨਾਭਾ ਸਥਿਤ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਪਹੁੰਚੇ ਹੋਏ ਸਨ ਜਿੱਥੇ ਉਨ੍ਹਾਂ ਨੇ ਨਾਭਾ ਸ਼ਹਿਰ ਨੂੰ ਵਿਰਾਸਤੀ ਦਿੱਖ ਦੇਣ ਲਈ ਬਣ ਰਹੇ ਪੰਜੇ ਗੇਟਾਂ ਦਾ ਜਾਇਜ਼ਾ ਲਿਆ, ਉਥੇ ਨਾਲ ਹੀ ਕਰੀਬ ਸਤਾਰਾਂ ਕਰੋੜ ਦੀ ਲਾਗਤ ਨਾਲ ਬਣਨ ਵਾਲੇ ਵਾਟਰ ਟਰੀਟਮੈਂਟ ਪਲਾਂਟ ਦੇ ਚੱਲ ਰਹੇ ਕੰਮ ਦਾ ਵੀ ਜਾਇਜ਼ਾ ਲਿਆ।

ਇਸ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਤਿੰਨ ਮਹੀਨੇ ਦੇ ਅੰਦਰ ਅੰਦਰ ਜਿੱਥੇ ਟਰੀਟਮੈਂਟ ਕੰਪਲੀਟ ਹੋ ਜਾਵੇਗਾ ਉੱਥੇ ਆਊਟਰ ਕਾਲੋਨੀਆਂ 'ਚ ਚੱਲ ਰਹੇ ਕਰੀਬ ਦੱਸ ਕਰੋੜ ਦੇ ਵਿਕਾਸ ਕਾਰਜ ਵੀ ਜਲਦ ਪੂਰੇ ਕਰ ਲਏ ਜਾਣਗੇ। ਉਨ੍ਹਾਂ ਕਿਹਾ ਕਿ ਧਰਮੀ ਰਾਜਿਆਂ ਦੀ ਨਗਰੀ ਵਜੋਂ ਜਾਣੇ ਜਾਂਦੇ ਰਿਆਸਤੀ ਸਹਿਰ ਨਾਭਾ ਨੂੰ ਹਰਿਆ-ਭਰਿਆ ਬਣਾਉਣ ਲਈ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਟਤੇ ਬੂਟੇ ਲਗਾਉਣ ਦਾ ਕੰਮ ਵੀ ਜਲਦੀ ਸ਼ੁਰੂ ਹੋਵੇਗਾ ਕਿਉਂ ਜੋ ਜਿੱਥੇ ਬੂਟੇ ਲਗਾਉਣ ਨਾਲ ਵਾਤਾਵਰਣ ਸਾਫ ਰਹੇਗਾ ਉੱਥੇ ਸਮੁੱਚੀਆਂ ਜ਼ਿੰਦਗੀਆਂ ਨੂੰ ਆਕਸੀਜਨ ਦੀ ਘਾਟ ਵੀ ਨਹੀਂ ਰਹੇਗੀ ਅਤੇ ਉਹ ਬਿਮਾਰੀਆਂ ਤੋਂ ਬਚ ਸਕਣਗੀਆਂ।

ਨਗਰ ਕੌਂਸਲ ਨਾਭਾ ਦੇ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ ਨੇ ਕਿਹਾ ਕਿ ਕੈਬਨਿਟ ਮੰਤਰੀ ਧਰਮਸੋਤ ਦੀ ਅਗਵਾਈ 'ਚ ਰਿਆਸਤੀ ਸ਼ਹਿਰ ਨਾਭਾ ਨੂੰ ਸੁੰਦਰ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਜਿਸ ਕਰਕੇ ਉਹ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਨ ਕਿ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿਚ ਨਗਰ ਕੌਂਸਲ ਦਾ ਉਹ ਪੂਰਾ ਸਾਥ ਦੇਣ। ਪ੍ਰਧਾਨ ਸੈਂਟੀ ਮਿੱਤਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਜਾਰੀ ਕੀਤੀਆਂ ਹਦਾਇਤਾਂ ਦੀ ਹੂਬਹੂ ਪਾਲਣਾ ਕਰਨ ਤਾਂ ਜੋ ਕੋਰੋਨਾ ਮਹਾਮਾਰੀ ਤੇ ਜਿੱਤ ਪ੍ਰਾਪਤ ਕੀਤੀ ਜਾ ਸਕੇ । ਇਸ ਮੌਕੇ ਪ੍ਰਧਾਨ ਸੈਂਟੀ ਮਿੱਤਲ ਤੋਂ ਇਲਾਵਾ ਚਰਨਜੀਤ ਬਾਤਿਸ਼ ਸਿਆਸੀ ਸਕੱਤਰ ਮੰਤਰੀ ਧਰਮਸੋਤ, ਇੰਸ. ਤੇਜਾ ਸਿੰਘ, ਸੀਈਓ ਹੀਰਾ ਆਟੋਜ਼ ਗੌਰਵ ਗਾਬਾ ਅਤੇ ਐਡਵੋਕੇਟ ਨਿਤਿਨ ਜੈਨ ਆਦਿ ਮੌਜੂਦ ਸਨ।

Posted By: Seema Anand