ਨਵਦੀਪ ਢੀਂਗਰਾ, ਪਟਿਆਲਾ : ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਹੇਠ ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬ ਦੇ ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਉਪ ਕੁਲਪਤੀ ਡਾ. ਬੀਐੱਸ ਘੁੰਮਣ, ਡਾ. ਐੱਸਪੀ ਸਿੰਘ ਓਬਰਾਏ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੁਰਤਾਨ ਸਮੇਂ ਦੇ ਹੱਥ ਲਿਖਤ ਸਰੂਪਾਂ ਦੇ ਸੰਗਤ ਨੂੰ ਦਰਸ਼ਨ ਕਰਵਾਉਣ ਲਈ ਸਰਬਤ ਦਾ ਭਲਾ ਟਰਸਟ ਵਲੋਂ ਤਿਆਰ ਵਿਸ਼ੇਸ਼ ਬੱਸ ਵਿਚ ਸੁਸ਼ੋਭਿਤ ਕੀਤਾ ਗਿਆ। ਸਰਬਤ ਦਾ ਭਲਾ ਟਰਸਟ ਵੱਲੋਂ ਤਿਆਰ ਵਿਸ਼ੇਸ਼ ਬੱਸ ਪੰਜਾਬ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ 'ਚ ਪੁੱਜੇਗੀ ਜਿਥੇ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੋਨੇ, ਹੀਰੇ ਤੇ ਲਾਲਾਂ ਦੀ ਸਿਆਹੀ ਨਾਲ ਤਿਆਰ ਦੁਰਲੱਭ ਤੇ ਪੁਰਾਤਨ ਹੱਥ ਲਿਖਤ ਸਰੂਪਾਂ ਦੇ ਦਰਸ਼ਨ ਕਰਵਾਏ ਜਾਣਗੇ।

ਟਰੱਸਟ ਦੇ ਬਾਨੀ ਡਾ. ਐੱਸਪੀ ਸਿੰਘ ਓਬਰਾਏ ਨੇ ਦੱਸਿਆ ਕਿ ਟਰਸਟ ਵੱਲੋਂ 62 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਈ ਅਤਿਆਧੁਨਿਕ ਸਹੂਲਤਾਂ ਨਾਲ ਲੈਸ ਇਸ ਵਿਸ਼ੇਸ਼ ਬੱਸ 'ਚ 16 ਪੁਰਾਤਨ ਦੁਰਲੱਭ ਹੱਥ ਲਿਖਤ ਸਰੂਪ ਸੁਸ਼ੋਭਿਤ ਕੀਤੇ ਗਏ ਹਨ। ਬੱਸ ਪਹਿਲੇ ਪੜਾਅ 'ਚ ਪਟਿਆਲਾ ਤੇ ਫਿਰ ਨਿਰਧਾਰਤ ਰੂਟ ਅਨੁਸਾਰ ਪਟਿਆਲਾ ਤੋਂ ਵੱਖ-ਵੱਖ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਤੋਂ ਹੁੰਦੀ ਹੋਈ ਸੁਲਤਾਨਪੁਰ ਲੋਧੀ ਵਿਖੇ ਪਹੁੰਚੇਗੀ, ਜਦਕਿ ਦੂਜੇ ਪੜਾਅ ਤਹਿਤ ਪੰਜਾਬੀ ਯੂਨੀਵਰਸਿਟੀ ਤੋਂ ਚੱਲ ਕੇ ਡੇਰਾ ਬਾਬਾ ਨਾਨਕ ਵਿਖੇ ਪਹੁੰਚੇਗੀ। ਇਸ ਉਪਰੰਤ ਇਹ ਬੱਸ ਪੰਜਾਬ ਅੰਦਰਲੇ ਤਿੰਨ ਤਖ਼ਤ ਸਾਹਿਬਾਨ ਤੋਂ ਹੁੰਦੀ ਹੋਈ ਪੰਜਾਬ ਤੋਂ ਬਾਹਰ ਵਾਲੇ ਦੋ ਤਖ਼ਤ ਸਾਹਿਬਾਨ ਤਕ ਵੀ ਪਹੁੰਚੇਗੀ।

ਇਨ੍ਹਾਂ ਦੁਰਲੱਭ ਤੇ ਪੁਰਾਤਨ ਹੱਥ ਲਿਖਤ ਸਰੂਪਾਂ ਬਾਰੇ ਜਾਣਕਾਰੀ ਦਿੰਦਿਆਂ ਡਾ. ਸਰਬਜਿੰਦਰ ਸਿੰਘ ਨੇ ਦੱਸਿਆ ਕਿ ਇਹ ਸਰੂਪ ਸੋਨੇ, ਹੀਰੇ ਤੇ ਲਾਲਾਂ ਤੋਂ ਬਣੀ ਸਿਆਹੀ ਨਾਲ ਤਿਆਰ ਕੀਤੇ ਹੋਏ ਹਨ ਜੋ ਕਿ ਪੰਜਾਬੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਵੱਲੋਂ ਡੂੰਘੀ ਖੋਜ ਕਰਨ ਉਪਰੰਤ ਕੁਝ ਨਾਨਕ ਨਾਮ ਲੇਵਾ ਸਿੱਖ ਘਰਾਣਿਆਂ ਵਲੋਂ ਪੀੜ੍ਹੀ ਦਰ ਪੀੜ੍ਹੀ ਸਾਂਭੇ ਗਏ। ਇਨ੍ਹਾਂ ਦੁਰਲੱਭ ਹੱਥ ਲਿਖਤ ਸਰੂਪਾਂ ਨੂੰ ਇਕੱਤਰ ਕੀਤਾ ਗਿਆ ਹੈ ਤਾਂ ਹੀ ਇਹ ਸਰੂਪ ਨਿੱਜੀ ਮਲਕੀਅਤ ਤੋਂ ਕੌਮੀ ਸੰਮਤੀ ਬਣਾਏ ਜਾ ਸਕੇ ਹਨ।

ਪੂਰਨ ਮਰਿਆਦਾ ਨਾਲ ਕਰਵਾਏ ਜਾਣਗੇ ਦਰਸ਼ਨ ਦਿਦਾਰੇ

ਇਨ੍ਹਾਂ ਹੱਥ ਲਿਖਤ ਦੁਰਲੱਭ ਸਰੂਪਾਂ ਦੇ ਦਰਸ਼ਨ ਆਮ ਲੋਕਾਂ ਤੇ ਸ਼ਰਧਾਲੂਆਂ ਨੂੰ ਕਰਵਾਉਣ ਲਈ ਬੱਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਐੱਸਪੀ ਸਿੰਘ ਓਬਰਾਏ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਖੋਜਾਰਥੀ ਪੂਰਨ ਮਰਿਆਦਾ ਨਾਲ ਇਸ ਬੱਸ ਦੀ ਸਾਂਭ-ਸੰਭਾਲ ਕਰਨਗੇ ਅਤੇ ਦੁਰਲੱਭ ਸਰੂਪਾਂ ਦੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਕਰਵਾਉਣਗੇ। ਉਨਾਂ ਦੱਸਿਆ ਕਿ ਇਸ ਬੱਸ 'ਤੇ ਲੱਗਾ ਡਿਜੀਟਲ ਡਿਸਪਲੇਅ ਬੋਰਡ ਇਨ੍ਹਾਂ ਸਰੂਪਾਂ ਬਾਰੇ ਪੰਜਾਬ 'ਚ ਪੰਜਾਬੀ ਤੇ ਅੰਗਰੇਜ਼ੀ 'ਚ ਜਦਕਿ ਹੋਰਨਾਂ ਸੂਬਿਆਂ ਦੇ ਸਫ਼ਰ ਦੌਰਾਨ ਉੱਥੋਂ ਦੀਆਂ ਸਥਾਨਕ ਭਾਸ਼ਾਵਾਂ ਤੇ ਅੰਗਰੇਜ਼ੀ ਵਿਚ ਜਾਣਕਾਰੀ ਦੇਵੇਗਾ।

Posted By: Seema Anand