ਰਜਿੰਦਰ ਸਿੰਘ ਭੱਟ, ਫ਼ਤਹਿਗੜ੍ਹ ਸਾਹਿਬ:

ਸਰਹਿੰਦ ਵਿਖੇ ਸ਼ੇਰ-ਸ਼ਾਹ ਸੂਰੀ ਮਾਰਗ ਸਥਿਤ ਟਰੱਕ ਐਂਡ ਬੱਸ ਬਾਡੀ ਬਿਲਡਰਜ਼ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਤੇ ਟੈਕਸਾਂ ਦੀ ਮਾਰ ਕਾਰਨ ਖਤਮ ਹੋਣ ਕੰਢੇ ਹੈ। ਜੇ ਸਰਕਾਰ ਨੇ ਇਨ੍ਹਾਂ ਵੱਲ ਧਿਆਨ ਨਾ ਦਿੱਤਾ ਤਾਂ ਲੱਖਾਂ ਹੀ ਪਰਿਵਾਰਾਂ ਦੇ ਚੁੱਲੇ੍ਹ ਠੰਡੇ ਹੋ ਜਾਣਗੇ। ਪਿਛਲੇ ਕਈ ਸਾਲਾਂ ਤੋਂ ਸਰਹਿੰਦ ਵਿਖੇ ਟਰੱਕਾਂ ਅਤੇ ਬੱਸਾਂ ਨੂੰ ਬਾਡੀ ਲਗਾਉਣ ਦਾ ਕੰਮ ਸ਼ੁਰੂ ਹੋਇਆ, ਜੋ ਕੁਝ ਸਾਲਾਂ ਵਿੱਚ ਹੀ ਬੁਲੰਦੀਆਂ 'ਤੇ ਪਹੁੰਚ ਗਿਆ ਅਤੇ ਸਰਹਿੰਦ ਦੀ ਬਾਡੀ ਪੂਰੇ ਏਸ਼ੀਆ ਵਿਚ ਮਸ਼ਹੂਰ ਹੋ ਗਈ। ਇਸ ਦਾ ਮੁੱਖ ਕਾਰਨ ਇੱਥੋਂ ਦੇ ਕਾਰੀਗਰਾਂ ਦੁਆਰਾ ਬਣਾਈਆਂ ਗਈਆਂ ਬਾਡੀਆਂ ਹਨ। ਸਰਹਿੰਦ ਵਿਖੇ ਬਾਡੀ ਬਿਲਡਰ ਦੀਆਂ ਕਰੀਬ 100 ਤੋਂ ਵੱਧ ਵਰਕਸ਼ਾਪਾਂ ਹਨ ਅਤੇ ਹਜ਼ਾਰਾਂ ਦੇ ਕਰੀਬ ਲੋਕਾਂ ਨੂੰ ਕੰਮ ਮਿਲਿਆ ਹੋਇਆ ਹੈ। ਬਾਡੀ ਬਿਲਡਰ ਦਾ ਕੰਮ ਕਰਨ ਵਾਲੇ ਮਜ਼ਦੂਰ ਕਾਮੇਸ਼ਵਰ ਠਾਕੁਰ ਅਤੇ ਨਰਿੰਦਰ ਕੁਮਾਰ ਨੇ ਕਿਹਾ ਕਿ ਜਦੋਂ ਦੀ ਮੋਦੀ ਸਰਕਾਰ ਨੇ ਸੱਤਾ ਹਾਸਲ ਕੀਤੀ ਹੈ ਉਦੋਂ ਤੋਂ ਮੋਦੀ ਸਰਕਾਰ ਛੋਟੇ ਵਪਾਰੀਆਂ ਨੂੰ ਖਤਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਡ ਐਕਟ ਲੱਗਦਾ ਹੈ ਤਾਂ ਸਰਹਿੰਦ ਏਸ਼ੀਆ ਦੀ ਮੰਡੀ ਖਤਮ ਹੋ ਜਾਵੇਗੀ।

ਐਸੋਸੀਏਸ਼ਨ ਦੇ ਪ੍ਰਧਾਨ ਦਾ ਪ੍ਰਗਟਾਵਾ

ਟਰੱਕ ਐਂਡ ਬੱਸ ਬਾਡੀ ਬਿਲਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਹਰਮੀਤ ਸਿੰਘ ਸੱਗੂ ਨੇ ਦੱਸਿਆ ਕਿ ਇਸ ਸਬੰਧੀ ਐਸੋਸੀਏਸ਼ਨ ੇਨੇ ਕੋਡ ਐਕਟ ਨਾ ਲਗਾਉਣ ਲਈ ਸਰਕਾਰ ਨੂੰ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਜੀਐੱਸਟੀ ਨੇ ਕੰਮ ਹਿਲਾ ਦਿੱਤਾ ਸੀ ਪਰੂ ਕੇਂਦਰ ਸਰਕਾਰ ਨੇ ਆਪਣੀਆਂ ਕੁਝ ਨਿੱਜੀ ਕੰਪਨੀਆਂ ਨੂੰ ਲਾਭ ਦੇਣ ਲਈ ਕੋਡ ਐਕਟ ਰਾਹੀਂ ਕਿਸੇ ਵੀ ਟਰੱਕ ਦੇ ਕੈਬਨ ਬਾਡੀ ਲਈ ਉਕਤ ਕੰਪਨੀਆਂ ਤੋਂ ਡਰਾਇੰਗ ਪਾਸ ਕਰਵਾਉਣ ਦਾ ਨਾਦਰਸ਼ਾਹੀ ਫਰਮਾਨ ਜਾਰੀ ਕੀਤਾ ਹੈ। ਜਿਸ ਨਾਲ ਉਕਤ ਕੰਪਨੀ ਵਿਚ ਪ੍ਰਤੀ ਟਰੱਕ ਬਾਡੀ ਪਾਸ ਕਰਵਾਉਣ ਲਈ 13 ਤੋਂ 16 ਲੱਖ ਖਰਚ ਆਵੇਗਾ, ਇਸ ਨਾਲ ਲੱਖਾਂ ਮਜ਼ਦੂਰ ਬੇਰੁਜ਼ਗਾਰ ਹੋ ਜਾਣਗੇ। ਪ੍ਰਧਾਨ ਸੱਗੂ ਨੇ ਕਿਹਾ ਕਿ ਸਰਹਿੰਦ ਦੇ ਸਮੂਹ ਟਰੱਕ ਬਾਡੀ ਬਿਲਡਰ ਸ਼ੁਰੂ ਤੋਂ ਹੀ ਸੁਰੱਖਿਆ ਪੱਖੋਂ ਮਜ਼ਬੂਤ ਅਤੇ ਲੋਕਹਿੱਤ ਲਈ ਕੇਬਨ ਅਤੇ ਟਰੱਕ ਬਾਡੀਆਂ ਬਣਾਉਂਦਾ ਰਿਹਾ ਹੈ।