ਗੁਰਿੰਦਰਜੀਤ ਸਿੰਘ ਸੋਢੀ, ਨਾਭਾ : ਨਾਭਾ ਮਲੇਰਕੋਟਲਾ ਰੋਡ 'ਤੇ ਸਥਿਤ ਪਿੰਡ ਢੀਂਗੀ ਨੇੜੇ ਬੀਤੀ ਦੇਰ ਰਾਤ ਬਾਡੀ ਬਿਲਡਰ ਸਮਸ਼ਾਦ ਖ਼ਾਨ ਨੂੰ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ ਹਥਿਆਰਾਂ ਨਾਲ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਨਾਭਾ ਨੇੜਲੇ ਪਿੰਡ ਹਰੀਗੜ੍ਹ ਦਾ ਵਾਸੀ ਬਾਡੀ ਬਿਲਡਰ ਸਮਸ਼ਾਦ ਖ਼ਾਨ ਜਦ ਬੀਤੀ ਰਾਤ ਆਪਣੇ ਪਿੰਡ ਵਾਪਸ ਜਾ ਰਿਹਾ ਸੀ ਤਾਂ ਪਿੰਡ ਢੀਂਗੀ ਨੇੜੇ ਕੁੱਝ ਅਣਪਛਾਤੇ ਵਿਅਕਤੀਆਂ ਨੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਵਿਚ ਉਸ ਦੀ ਮੌਤ ਹੋ ਗਈ। ਇਸ ਸਬੰਧੀ ਗਾਇਕ ਹਰਵਿੰਦਰ ਹੈਰੀ ਨੇ ਦੱਸਿਆ ਕਿ ਉਹ ਸਮਸ਼ਾਦ ਨੂੰ ਹਸਪਤਾਲ ਲੈ ਕੇ ਗਿਆ, ਜਿੱਥੇ ਡਾ. ਦਿਲਪ੍ਰੀਤ ਕੌਰ ਨੇ ਕਿਹਾ ਕਿ ਇਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਸਮਸ਼ਾਦ ਦੇ ਸਰੀਰ 'ਤੇ ਜਖ਼ਮਾਂ ਦੇ ਇੰਨ੍ਹੇ ਨਿਸ਼ਾਨ ਸਨ, ਜਿਨ੍ਹਾਂ ਨੂੰ ਗਿਣਨਾਂ ਮੁਸ਼ਕਿਲ ਸੀ। ਇਸ ਸਬੰਧੀ ਉਸ ਦੇ ਪਿਤਾ ਨੇ ਦੱਸਿਆ ਕਿ ਉਸ ਨੂੰ ਸਮਸ਼ਾਦ ਦਾ ਫ਼ੋਨ ਆਇਆ ਸੀ ਕਿ ਉਹ ਰਸਤੇ ਵਿਚ ਹੈ ਅਤੇ ਘਰ ਆ ਰਿਹਾ ਹੈ ਪਰ ਰਸਤੇ ਵਿਚ ਹੀ ਉਸਦਾ ਕਤਲ ਹੋ ਗਿਆ। ਇਸ ਸੰਬੰਧੀ ਡੀ.ਐਸ.ਪੀ ਨਾਭਾ ਵਰਿੰਦਰਜੀਤ ਸਿੰਘ ਥਿੰਦ ਨੇ ਕਿਹਾ ਕਿ ਇਹ ਮਾਮਲਾ ਕਤਲ ਦਾ ਹੈ ਅਤੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਮਸ਼ਾਦ ਆਪਣੇ ਪਿਛੇ ਮਾਤਾ ਪਿਤਾ,ਪਤਨੀ ਅਤੇ ਬੇਟੇ ਨੂੰ ਛੱਡ ਗਿਆ ਹੈ। ਇਸ ਘਟਨਾ ਤੋਂ ਬਾਅਦ ਸਾਰੇ ਇਲਾਕੇ ਵਿਚ ਸਨਸਨੀ ਫੈਲ ਗਈ ਹੈ।

Posted By: Amita Verma