ਮਹਿੰਦਰਪਾਲ ਬੱਬੀ,ਭਾਦਸੋਂ : ਉੱਘੇ ਬਾਡੀ ਬਿਲਡਰ ਤੇ ਮਾਡਲ ਸਤਨਾਮ ਖੱਟੜਾ ਦੀ ਬੀਤੀ ਰਾਤ ਅਚਾਨਕ ਮੌਤ ਹੋ ਗਈ ਹੈ । ਉਸਦੀ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ ਪਰ ਸੂਤਰਾਂ ਅਨੁਸਾਰ ਸਤਨਾਮ ਖੱਟੜਾ ਨੂੰ ਸਵੇਰੇ 3 ਵਜੇ ਦੇ ਕਰੀਬ ਖ਼ੂਨ ਯੁਕਤ ਉਲਟੀ ਆਈ ਜਿਸ ਤੇ ਪਰਿਵਾਰ ਉਸਨੂੰ ਲੈ ਕੇ ਕਾਰ ਵਿੱਚ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਈ ਰਵਾਨਾ ਹੋ ਗਿਆ ਪਰ ਰਸਤੇ ਵਿੱਚ ਹੀ ਪਿੰਡ ਟੌਹੜਾ ਨੇੜੇ ਉਹ ਆਪਣੇ ਲੱਖਾਂ ਫੈਨਜ਼ ਤੇ ਖੇਡ ਜਗਤ ਨੂੰ ਸਦਾ ਲਈ ਅਲਵਿਦਾ ਆਖ ਗਿਆ ।

ਇਕ ਸਧਾਰਨ ਜੱਟ ਪਰਿਵਾਰ ‘ਚ ਜਨਮ ਲੈਣ ਵਾਲੇ ਸਾਬਕਾ ਕਬੱਡੀ ਖਿਡਾਰੀ ਸਤਨਾਮ ਖੱਟੜਾ ਨੇ ਅਪਣਾ ਬਾਡੀ ਬਿਲਡਿੰਗ ਦਾ ਸਫ਼ਰ ਸੱਤ ਕੁ ਸਾਲ ਪਹਿਲਾਂ ਉਦੋਂ ਸ਼ੁਰੂ ਕੀਤਾ ਜਿਸ ਸਮੇਂ ਉਹ ਪਰਿਵਾਰਕ ਪਰੇਸ਼ਾਨੀਆਂ ਦੀ ਵਜ੍ਹਾ ਨਾਲ ਨਸ਼ੇ ਦੀ ਗ੍ਰਿਫ਼ਤ ਵਿੱਚ ਸਨ । ਆਖਿਰ ਸਖ਼ਤ ਮਿਹਨਤ ਦੇ ਬਲਬੂਤੇ ਉਹ ਨਾ ਸਿਰਫ ਨਸ਼ੇ ਦੀ ਅਲਾਮਤ ਨੂੰ ਸ਼ਿਕਸਤ ਦੇਣ ਵਿੱਚ ਸਫਲ ਹੋਏ ਬਲਕਿ ਬਾਡੀ ਬਿਲਡਿੰਗ ਤੇ ਮਾਡਲਿੰਗ ਦੇ ਖੇਤਰ ਵਿੱਚ ਅਪਣੀ ਸਫਲਤਾ ਦੇ ਝੰਡੇ ਗੱਡ ਕੇ ਸੂਬੇ ਦੇ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਬਣ ਗਏ ਸਨ । ਸਤਨਾਮ ਖੱਟੜਾ ਜਿੰਮ ਕਾਰੋਬਾਰ ਨਾਲ ਵੀ ਜੁੜੇ ਹੋਏ ਸਨ ਤੇ ਭਾਦਸੋਂ ਅਤੇ ਮੋਹਾਲੀ ਵਿੱਖੇ ਨੌਜਵਾਨਾਂ ਨੂੰ ਕਸਰਤ ਲਈ ਟਰੇਂਡ ਕਰਦੇ ਸਨ ।

Posted By: Tejinder Thind