ਬਿਕਰਮਜੀਤ ਸਹੋਤਾ, ਫ਼ਤਹਿਗੜ੍ਹ ਸਾਹਿਬ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਇੱਕ ਮੀਿਟਿੰਗ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਰੁੜਕੀ ਦੀ ਪ੍ਰਧਾਨਗੀ ਵਿੱਚ ਹੋਈ। ਇਸ ਮੌਕੇ ਕਿਸਾਨਾਂ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਉਪਰੰਤ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ। ਜਨਰਲ ਸਕੱਤਰ ਸੁਰਿੰਦਰ ਸਿੰਘ ਲੁਹਾਰੀ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਦੀ ਝਾੜ ਤੋਂ ਬਾਅਦ ਬੇਸ਼ੱਕ ਮੁਆਵਜ਼ੇ ਦਾ ਐਲਾਨ ਹੋ ਗਿਆ ਹੈ, ਪਰੰਤੂ ਕਿਸਾਨਾਂ ਨੂੰ ਹਾਲੇ ਤੱਕ ਮੁਆਵਜ਼ੇ ਦੀ ਰਾਸ਼ੀ ਨਹੀਂ ਮਿਲੀ। ਜੇਕਰ ਇਹੀ ਐਲਾਨ ਸੁਪਰੀਮ ਕੋਰਟ ਵੱਲੋਂ ਪਹਿਲਾਂ ਕੀਤਾ ਜਾਂਦਾ ਤਾਂ ਕਿਸਾਨਾਂ ਨੇ ਪਰਾਲੀ ਨੂੰ ਸਾੜਨਾ ਹੀ ਨਹੀਂ ਸੀ। ਸਰਕਾਰ ਵਲੋਂ ਕੁੱਝ ਕਿਸਾਨਾਂ ਨੂੰ ਸੰਦ ਮੁਹੱਈਆ ਕਰਵਾਏ ਵੀ ਹਨ, ਪ੍ਰੰਤੂ ਉਹ ਦੂਸਰੇ ਕਿਸਾਨਾਂ ਤੋਂ ਕਿਰਾਇਆ ਵਸੂਲਣ ਲੱਗ ਗਏ ਹਨ। ਪਹਿਲੀ ਨਵੰਬਰ ਤੋਂ ਕਣਕ ਦੀ ਬਿਜਾਈ ਸ਼ੁਰੂ ਹੁੰਦੀ ਹੈ ਅਤੇ 10 ਅਕਤੂਬਰ ਤੋ ਝੋਨੇ ਦੀ ਕਿਟਾਈ ਸ਼ੁਰੂ ਹੁੰਦੀ ਹੈ, ਇੰਨੇ ਘੱਟ ਸਮੇਂ ਅੰਦਰ ਪਰਾਲੀ ਨੂੰੂ ਖੇਤ ਵਿੱਚ ਹੀ ਕਿਵੇਂ ਖਤਮ ਕੀਤਾ ਜਾ ਸਕਦਾ ਹੈ। ਪਰਾਲੀ ਦੀਆਂ ਗੰਡਾਂ ਬੰਨ੍ਹਣ ਵਾਲਿਆਂ ਨੇ 1500 ਰੁਪਏ ਪ੍ਰਤੀ ਏਕੜ ਗੰਢਾਂ ਬੰਨ੍ਹੀਆਂ ਅਤੇ 15-15 ਦਿਨ ਚੁੱਕੀਆਂ ਨਹੀਂ। ਜਿਸ ਕਾਰਨ ਮਜਬੂਰ ਬੱਸ ਕਿਸਾਨਾਂ ਨੂੰ ਅੱਗ ਲਗਾਉਣੀ ਪਈ। ਇਸ ਵਾਰ ਝੋਨੇ ਦਾ ਝਾੜ ਵੀ ਘਟਿਆ ਹੈ। ਜਿਸ ਕਾਰਨ ਕਿਸਾਨ 'ਤੇ ਖਰਚੇ ਦਾ ਬੋਝ ਪਾਉਣਾ ਵਾਜ਼ਿਬ ਨਹੀਂ। ਸਰਕਾਰ ਹਰ ਪਿੰਡ ਨੂੰ 2-3 ਮਸ਼ੀਨਾਂ ਗੰਢਾਂ ਬੰਨ੍ਹਣ ਵਾਲੀਆਂ ਦੇਵੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦਾ ਗੰਨੇ ਦਾ ਬਕਾਇਆ ਵੀ ਹਾਲੇ ਤੱਕ ਨਹੀਂ ਦਿੱਤਾ ਗਿਆ। ਜਿਸ ਕਾਰਨ ਦੁਬਾਰਾ ਸੰਘਰਸ਼ ਕਮੇਟੀ ਧਰਨਾ ਦੇ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਉਕਤ ਮਾਮਲਿਆਂ ਦਾ ਤੁਰੰਤ ਹੱਲ ਕੀਤਾ ਜਾਵੇ। ਇਸ ਮੌਕੇ ਗੁਰਦੇਵ ਸਿੰਘ ਸੌਂਟੀ, ਲਬਦੇਵ ਸਿੰਘ, ਪ੍ਰਕਾਸ਼ ਸਿੰਘ, ਜਸਪਾਲ ਸਿੰਘ, ਕਰਨੈਲ ਸਿੰਘ ਆਦਿ ਮੌਜੂਦ ਸਨ।