ਸਟਾਫ ਰਿਪੋਰਟਰ, ਪਟਿਆਲਾ : ਜੁਲਾਈ 'ਚ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਤਿੰਨ ਆਰਡੀਨੈਂਸਾਂ ਦੇ ਮੁੱਦੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਭਾਜਪਾ ਆਗੂ ਅਨਿਲ ਸਰੀਨ ਨੇ ਘੇਰਦਿਆਂ ਕਿਹਾ ਕਿ ਸੌੜੀ ਤੇ ਘਟੀਆ ਕਿਸਮ ਦੀ ਰਾਜਨੀਤੀ ਕਰਨ ਲਈ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਜਦਕਿ ਪੰਜਾਬ ਸਰਕਾਰ ਵੱਲੋਂ 2017 'ਚ ਪਾਸ ਕੀਤ ਮੰਡੀ ਐਕਟ ਅਤੇ ਕਾਨੂੰਨ ਕੇਂਦਰੀ ਆਰਡੀਨੈਂਸ ਦੀ ਹਾਮੀ ਭਰਦਾ ਹੈ। ਪਟਿਆਲਾ ਮੀਡੀਆ ਕਲੱਬ ਵਿਖੇ ਭਾਜਪਾ ਆਗੂ ਅਨਿਲ ਸਰੀਨ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਲਿਆਂਦੇ ਤਿੰਨ ਕਾਨੂੰਨਾਂ ਬਾਰੇ ਦੱਸਦਿਆਂ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਸਹੀ ਮੁੱਲ ਮਿਲੇਗਾ ਅਤੇ ਉਨ੍ਹਾਂ ਦੀ ਆਮਦਨ ਵਿਚ ਵਾਧਾ ਹੋਵੇਗਾ, ਕਿਉਂਕਿ ਕਿਸਾਨ ਖੁੱਲ੍ਹੇ ਤੌਰ 'ਤੇ ਟਰੇਡ ਕਰ ਸਕੇਗਾ।ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਹੋਰ ਪਾਰਟੀਆਂ ਦੇ ਨੇਤਾਵਾਂ ਦੇ ਗੁੰਮਰਾਹਕੁੰਨ ਅਤੇ ਗਲਤ ਬਿਆਨਾਂ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਾਨੂੰਨਾਂ ਵਿਚ ਕਿਸਾਨਾਂ ਦੀ ਫਸਲ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਕੀਤੀ ਜਾਵੇਗੀ। ਅਨਿਲ ਸਰੀਨ ਨੇ ਕਿਹਾ ਕਿ ਸੰਘੀ ਢਾਂਚੇ ਦੇ ਦੁਹਾਈ ਦੇਣ ਵਾਲੀ ਕਾਂਗਰਸ ਨੇ ਹੀ ਸਬ ਤੋਂ ਵੱਧ ਸੰਘੀ ਢਾਂਚੇ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸੰਵਿਧਾਨ ਦੇ ਦਾਇਰੇ ਵਿਚ ਰਹਿ ਕੇ, ਕਿਸਾਨਾਂ ਦੇ ਹਿੱਤ ਵਿਚ ਕਾਨੂੰਨ ਬਣਾਏ ਹਨ ਅਤੇ ਕਿਸੇ ਵੀ ਤਰ੍ਹਾਂ ਸੂਬਾ ਸਰਕਾਰ ਦੇ ਅਧਿਕਾਰਾਂ ਦੀ ਉਲੰਘਣਾ ਨਹੀਂ ਕੀਤੀ ਗਈ ਹੈ। ਇਕ ਸਵਾਲ ਦੇ ਜਵਾਬ 'ਚ ਭਾਜਪਾ ਆਗੂਆਂ ਨੇ ਕਿਹਾ ਕਿ ਕਾਂਗਰਸ ਦੀ ਤਰਜ਼ 'ਤੇ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਵੀ ਕਿਸਾਨਾਂ ਨੂੰ ਗੁੰਮਰਾਹ ਕਰਨ 'ਤੇ ਲੱਗੇ ਹੋਏ ਹਨ, ਜਦਕਿ ਉਨ੍ਹਾਂ ਨੂੰ ਕੇਂਦਰ ਵੱਲੋਂ ਪਾਸ ਕੀਤੇ ਕਾਨੂੰਨ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ ਚਾਹੀਦਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲਾ ਪ੍ਰਧਾਨ ਹਰਿੰਦਰ ਕੋਹਲੀ, ਸੁਖਵਿੰਦਰ ਕੌਰ ਨੌਲੱਖਾ ਸਕੱਤਰ ਪੰਜਾਬ, ਭੁਪੇਸ਼ ਅਗਰਵਾਲ, ਸੁਰਿੰਦਰ ਗਰਗ, ਭਾਜਪਾ ਦੇ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ, ਹਰੀਸ਼ ਕੇਹਰ, ਸੁਰਿੰਦਰ ਗਰਗਰ, ਬਲਵਿੰਦਰ ਸਿੰਘ, ਵਿਸ਼ਾਲ ਸ਼ਰਮਾ, ਕੇਵਲ ਕਿ੍ਸ਼ਨ ਸ਼ਰਮਾ, ਵਰਿੰਦਰ ਗੁਪਤਾ, ਵਿਕਰਮ ਭੱਲਾ, ਪੰਕਜ ਕੋਹਲੀ, ਭਾਨੂ ਪ੍ਰਤਾਪ ਆਦਿ ਮੌਜੂਦ ਸਨ।