ਸਟਾਫ਼ ਰਿਪੋਰਟਰ, ਪਟਿਆਲਾ : ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ ਦਾ ਆਪਸੀ ਗੱਠਜੋੜ ਅੰਤ ਨੂੰ ਵਿਹਾਰਿਕ ਤੌਰ ਤੇ ਟੁੱਟ ਗਿਆ ਹੈ। ਰਾਜਨੀਤਕ ਹਲਕਿਆਂ ਵਿੱਚ ਇਸ ਨਾਪਾਕ ਗੱਠਜੋੜ ਦੇ ਟੁੱਟ ਜਾਣ ਨੂੰ ਕੋਈ ਵੱਡਾ ਅਚੰਭੇ ਵਾਲੀ ਘਟਨਾ ਨਹੀਂ ਮੰਨਿਆ ਜਾ ਰਿਹਾ, ਇਹ ਤਾਂ ਬਾਦਲ ਪਰਿਵਾਰ ਲਈ ਇੱਕ ਮਜ਼ਬੂਰੀ ਬਣ ਚੁੱਕੀ ਸੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਮਣੀ ਅਕਾਲੀ ਦਲ ਟਕਸਾਲੀ ਦੇ ਆਗੂ ਬੀਰ ਦਵਿੰਦਰ ਸਿੰਘ ਵਲੋਂ ਕੀਤਾ ਗਿਆ ਹੈ। ਬੀਰ ਦਵਿੰਦਰ ਸਿੰਘ ਨੇ ਦੱਸਿਆ ਕਿ ਦੂਸਰੀ ਗੱਲ ਇਹ ਕਿ ਇਸ ਗੱਠਜੋੜ ਦਾ ਅਧਾਰ ਨੀਤੀਗਤ ਤਾਂ ਹੈ ਹੀ ਨਹੀਂ ਸੀ। ਇਸ ਗੱਠਜੋੜ ਦਾ ਮੂਲ ਅਧਾਰ ਤਾਂ ਬਾਦਲ ਪਰਿਵਾਰ ਦੇ ਸਵਾਰਥੀ ਹਿੱਤ ਅਤੇ ਨਿੱਜੀ ਵਪਾਰਕ ਲਾਭਾਂ ਤੱਕ ਹੀ ਸੀਮਤ ਸੀ। ਹਾਸੋਹੀਣੀ ਗੱਲ ਤਾਂ ਇਹ ਕਿ ਇਸ ਗੱਠਜੋੜ ਦਾ ਨਾ ਤਾਂ ਕੋਈ ਲਿਖਤੀ ਅਹਿਦਨਾਮਾਂ ਹੋਇਆ ਸੀ ਅਤੇ ਨਾਹੀ ਕੋਈ ਸਹਿਮਤੀ ਨਾਲ ਤਿਆਰ ਕੀਤਾ ਗਿਆ ਨੀਤੀ-ਪੱਤਰ ਜਾਰੀ ਕੀਤਾ ਗਿਆ, ਜਿਸ ਵਿੱਚ ਪੰਜਾਬ ਜਾਂ ਪੰਜਾਬ ਦੇ ਕਿਸਾਨ ਜਾਂ ਸਿੱਖਾਂ ਦੇ ਹਿੱਤਾਂ ਦਾ ਕੋਈ ਉਲੇਖ ਮਿਲਦਾ ਹੋਵੇ ।ਹੁਣ ਤਾਂ ਬਾਦਲ ਪਰਿਵਾਰ ਨੂੰ ਇਸ ਗੱਲ ਦਾ ਵੀ ਜਵਾਬ ਦੇਣਾ ਪਵੇਗਾ ਕਿ ਆਖਰ ਇਸ ਗੱਠਜੋੜ ਦੀਆਂ ਸ਼ਰਤਾਂ ਕੀ ਸਨ ਜਿਨ੍ਹਾਂ ਤੇ ਇਬਤਦਾਈ ਸਹਿਮਤੀ ਬਣੀ ਸੀ ? ਉਨ੍ਹਾਂ ਕਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਕੈਬਨਿਟ ਤੋਂ ਅਸਤੀਫ਼ਾ ਉਸ ਵੇਲੇ ਦੇਣਾ ਚਾਹੀਦਾ ਸੀ ਜਦੋਂ ਤਿੰਨੇ ਹੀ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਕੈਬਨਿਟ ਨੇ ਮਨਜ਼ੂਰੀ ਦਿੱਤੀ ਸੀ। ਹਰਸਿਮਰਤ ਕੌਰ ਬਾਦਲ ਨੇ ਨਾ ਸਿਰਫ਼ ਕਿਸਾਨ ਵਿਰੋਧੀ ਆਰਡੀਨੈਂਸਾਂ ਤੇ ਮੋਹਰ ਲਗਾਈ ਸਗੋਂ, ਢੋਲ-ਢਮੱਕੇ ਨਾਲ ਚਾਰ ਮਹੀਨੇ ਤੱਕ ਸਾਰਾ ਬਾਦਲ ਪਰਿਵਾਰ ਅਤੇ ਉਨ੍ਹਾਂ ਦੇ ਚਹੇਤੇ ਬਾਦਲ ਅਕਾਲੀ ਦਲ ਦੇ ਲੀਡਰ, ਅੱਡੀਆਂ ਚੁੱਕ-ਚੁੱਕ ਕੇ, ਕਿਸਾਨ ਵਿਰੋਧੀ ਆਰਡੀਨੈਂਸਾਂ ਦੀ ਵਕਾਲਤ ਕਰਦੇ ਰਹੇ ਹਨ। ਸੱਚੀ ਗੱਲ ਤਾਂ ਇਹ ਹੈ ਕਿ ਬਾਦਲ ਪਰਿਵਾਰ ਅਖੀਰ ਤੱਕ ਅੰਬਾਨੀਆਂ ਤੇ ਅਡਾਨੀਆਂ ਨਾਲ ਵਪਾਰਕ ਸਮਝੋਤਾ ਕਰਨ ਦੀ ਕੋਸ਼ਿਸ਼ ਕਰਦੇ ਰਹੇ, ਪਰ ਜਦੋਂ ਇਨ੍ਹਾਂ ਦੀ ਕੋਈ ਵੀ ਗੱਲ ਨਾ ਪ੍ਰਧਾਨ ਮੰਤਰੀ ਨੇ ਸੁਣੀ ਅਤੇ ਨਾ ਹੀ ਅਡਾਨੀਆਂ ਤੇ ਅੰਬਾਨੀਆਂ ਨੇ ਸੁਣੀ, ਫੇਰ ਕੋਈ ਵੀ ਚਾਰਾ ਨਾ ਚਲਦਾ ਵੇਖਕੇ ਨਵਾਂ ਪੈਂਤੜਾ ਗ੍ਹਿਣ ਕਰ ਲਿਆ ਤੇ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਦਾ ਢੌਂਗ ਰਚਾ ਲਿਆ। ਉਨ੍ਹਾਂ ਕਿਹਾ ਕਿ ਕਿਸਾਨ ਇਨ੍ਹਾਂ ਦੀਆਂ ਬੇਈਮਾਨੀਆਂ ਦੇ ਸਾਰੇ ਪੈਂਤੜੈ ਸਮਝ ਚੁੱਕੇ ਹਨ ਅਤੇ ਕਿਸਾਨ ਨੂੰ ਆਪਣੀ ਸਾਰੀ ਲੜਾਈ ਹੁਣ ਆਪਣੇ ਸੰਗਠਨ ਅਤੇ ਏਕਤਾ ਦੇ ਬਲਬੋਤੇ ਤੇ ਹੀ ਲੜਨੀ ਪੈਣੀਂ ਹੈ।