ਸਟਾਫ ਰਿਪੋਰਟਰ, ਪਟਿਆਲਾ : ''ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਮਰਹੂਮ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਤੇ ਸਵ. ਮਹਾਰਾਜਾ ਯਾਦਵਿੰਦਰਾ ਸਿੰਘ ਦਾ ਸਾਂਝਾ ਸੁਪਨਾ ਸੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬਾਅਦ ਇਹ ਪਹਿਲੀ ਸਟੇਟ ਯੂਨੀਵਰਸਿਟੀ ਸੀ ਤੇ ਇਸ ਦੀ ਸਥਾਪਨਾ ਸਵ. ਮਹਾਰਾਜਾ ਯਾਦਵਿੰਦਰਾ ਸਿੰਘ ਦੇ ਯਤਨਾਂ ਸਦਕਾ 30 ਅਪ੍ਰੈਲ 1962 ਨੂੰ ਪਟਿਆਲਾ ਵਿਚ ਹੋਈ ਸੀ।

60 ਵਰ੍ਹਿਆਂ ਦੇ ਲੰਬੇ ਸਫਰ ਵਿਚ ਪੰਜਾਬੀ ਯੂਨੀਵਰਸਿਟੀ ਨੂੰ ਪੰਜਾਬ ਦੀ ਸਭ ਤੋਂ ਵੱਡੀ ਸਰਕਾਰੀ ਯੂਨੀਵਰਸਿਟੀ ਬਣਨ ਦਾ ਮਾਣ ਹਾਸਲ ਹੋਇਆ ਜਦਕਿ ਕੈਪਟਨ ਅਮਰਿੰਦਰ ਸਿੰਘ ਦੇ ਪਹਿਲੇ ਰਾਜ 2002-2007 ਸਮੇਂ, ਪੰਜਾਬ ਵਿਚ ਨਿੱਜੀ ਯੂਨੀਵਰਸਿਟੀਜ਼ ਬਣਾਉਣ ਦਾ ਰੁਝਾਨ ਸ਼ੁਰੂ ਹੋਇਆ ਹੈ, ਉਸ ਵੇਲੇ ਤੋਂ ਪੰਜਾਬ ਵਿਚ ਉਚੇਰੀ ਸਿੱਖਿਆ ਦਾ ਮਿਆਰ ਡਿੱਗਣਾ ਸ਼ੁਰੂ ਹੋ ਗਿਆ ਸੀ''। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਆਗੂ ਬੀਰਦਵਿੰਦਰ ਸਿੰਘ ਨੇ ਕੀਤਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਕੈਪਟਨ ਦੇ ਰਾਜ ਵਿਚ ਜਲੰਧਰ ਵਿਚ ਪਹਿਲੀ ਨਿੱਜੀ ਯੂਨੀਵਰਸਿਟੀ ਖੋਲ੍ਹੀ ਗਈ ਸੀ ਤੇ ਉਸ ਪਿੱਛੋਂ ਹੁਣ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਗਿਣਤੀ ਕਰਨੀ ਔਖੀ ਹੋ ਰਹੀ ਹੈ। ਖੁੰਬਾਂ ਵਾਂਗ ਪਨਪ ਰਹੀਆਂ ਇਨ੍ਹਾਂ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਸਭ ਤੋਂ ਵੱਡੀ ਮਾਰ ਪੰਜਾਬ ਦੀਆਂ ਸਰਕਾਰੀ ਯੂਨੀਵਰਸਿਟੀਆਂ, ਖ਼ਾਸਕਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਨੂੰ ਪਈ ਹੈ।