ਨਵਦੀਪ ਢੀਂਗਰਾ, ਪਟਿਆਲਾ : ਕੋਰੋਨਾ ਵਾਇਰਸ ਸੰਕਟ ਦੀ ਘੜੀ 'ਚ ਬਿਜਲੀ ਖਪਤਕਾਰਾਂ ਲਈ ਰਾਹਤ ਦੀ ਖਬਰ ਹੈ।ਪਾਵਰਕਾਮ ਵਲੋਂ ਖਪਤਕਾਰਾਂ ਨੂੰ ਬਿਜਲੀ ਬਿੱਲ ਦੀ ਅਦਾਇਗੀ ਅਪ੍ਰੈਲ ਮਹੀਨੇ ਤਕ ਕਰਨ ਦੀ ਛੋਟ ਦਿੱਤੀ ਹੈ। ਇਸ ਨਾਲ ਹੀ ਡਿਜੀਟਿਲ ਰਾਹੀਂ ਬਿੱਲ ਦੀ ਅਦਾਇਗੀ ਕਰਨ ਵਾਲੇ ਨੂੰ ਇਕ ਫੀਸਦੀ ਦੀ ਵੱਖਰੀ ਛੋਟ ਦੇਣ ਦਾ ਐਲਾਨ ਕੀਤਾ ਗਿਆ ਹੈ।

ਬਿਜਲੀ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਜਾਰੀ ਪੱਤਰ 'ਚ ਦੱਸਿਆ ਗਿਆ ਹੈ ਕਿ ਘਰੇਲੂ ਤੇ ਕਮਰਸ਼ੀਅਲ ਖਪਤਕਾਰਾਂ ਲਈ 10 ਹਜ਼ਾਰ ਰੁਪਏ ਤਕ ਦੇ ਮਹੀਨਾਵਾਰ ਜਾਂ ਦੋਮਾਹੀ ਬਿੱਲਾਂ ਦੀ ਅਦਾਇਗੀ ਤਰੀਕ 20 ਮਾਰਚ ਦੀ ਤੋਂ ਵਧਾ ਕੇ 20 ਅਪ੍ਰੈਲ ਤਕ ਕਰ ਦਿੱਤੀ ਗਈ ਹੈ। ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਜਦੋਂ ਤਕ ਇਹ ਪਾਬੰਦੀਆਂ ਦਾ ਦੌਰ ਖਤਮ ਨਹੀਂ ਹੋ ਜਾਂਦਾ, ਬਿੱਲਾਂ ਦੀ ਅਦਾਇਗੀ ਨਾ ਹੋਣ 'ਤੇ ਕੋਈ ਵੀ ਬਿਜਲੀ ਕੁਨੈਕਸ਼ਨ ਕੱਟਿਆ ਨਹੀਂ ਜਾਵੇਗਾ। ਇਸ ਤੋਂ ਇਲਾਵਾ ਬਿੱਲ ਦੀ ਸਮੇਂ ਸਿਰ ਡਿਜੀਟਲ ਰਾਹੀਂ ਅਦਾਇਗੀ ਕਰਨ ਵਾਲੇ ਖਪਤਕਾਰ ਨੂੰ ਇਕ ਫੀਸਦੀ ਛੋਟ ਵੀ ਦਿੱਤੀ ਜਾਵੇਗੀ। ਇਹੀ ਛੋਟ ਸਾਰੇ ਉਦਯੋਗਿਕ ਖਪਤਕਾਰਾਂ ਲਈ ਵੀ ਦਿੱਤੀ ਗਈ ਹੈ ਜਿਹਨਾਂ ਵਿਚ ਐਸਪੀ, ਐਮਐਸ ਤੇ ਐਲਐਸ ਖਪਤਕਾਰ ਸ਼ਾਮਲ ਹੋਣਗੇ। ਮੀਡੀਅਮ ਸਪਲਾਈ (ਐਮ ਐਸ) ਤੇ ਲਾਰਜ ਸਪਲਾਈ (ਐਲ ਐਸ) ਵਾਲੇ ਉਦਯੋਗਿਕ ਖਪਤਕਾਰਾਂ ਲਈ ਫਿਕਸ ਚਾਰਜਿਜ਼ 23 ਅਪ੍ਰੈਲ 2020 ਤੋਂ ਦੋ ਮਹੀਨੇ ਲਈ ਮਾਫ ਹੋਣਗੇ।

ਵੈਬਸਾਈਟ ਜਾਂ ਮੋਬਾਇਲ ਐਪ 'ਤੇ ਮਿਲੇਗੀ ਬਿੱਲ ਦੀ ਜਾਣਕਾਰੀ

ਲਾਕਡਾਊਨ ਦੀ ਸਥਿਤੀ ਦੌਰਾਨ ਮੀਟਰ ਰੀਡਿੰਗ, ਬਿਲਿੰਗ, ਨਵੇਂ ਕੁਨੈਕਸ਼ਨ ਲਗਾਉਣ 'ਤੇ ਰੋਕ ਹੋਵੇਗੀ। ਮੀਟਰ ਰੀਡਿੰਗ ਨਾ ਹੋਣ 'ਤੇ ਖਪਤਕਾਰਾਂ ਨੂੰ ਬਿੱਲਾਂ ਬਾਰੇ ਪਾਵਰਕਾਮ ਦੀ ਵੈਬਸਾਈਟ, ਐਸਐਮਐਸ, ਈਮੇਲ ਤੇ ਮੋਬਾਈਲ ਐਪ ਆਦਿ ਰਾਹੀਂ ਜਾਣਕਾਰੀ ਦਿੱਤੀ ਜਾਵੇਗੀ। ਜਿਥੇ ਆਟੋਮੇਟਡ ਮੀਟਰ ਰੀਡਿੰਗ ਦੀ ਸਹੂਲਤ ਹੈ, ਉਹ ਚਲਦਾ ਰਹੇਗਾ।

Posted By: Amita Verma