ਹਰਿੰਦਰ ਸ਼ਾਰਦਾ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਚ ਟੀਚਰਜ਼ ਐਸੋਸੀਏਸ਼ਨ ਪੂਟਾ ਦੀਆਂ ਚੋਣਾਂ ਦੇ ਨਤੀਜਿਆਂ ਵਿਚ ਪ੍ਰੋਗਰੈਸਿਵ ਟੀਚਰਜ਼ ਅਲਾਇੰਸ (ਪੀਟੀਏ) ਵੱਲੋਂ ਪ੍ਰਧਾਨਗੀ ਦੇ ਅਹੁਦੇ ’ਤੇ ਚੋਣ ਲੜ ਰਹੇ ਭੁਪਿੰਦਰ ਸਿੰਘ ਵਿਰਕ ਨੇ ਟੀਚਰਜ਼ ਯੂਨਾਈਟਿਡ ਫਰੰਟ (ਟੀਯੂਐਫ਼) ਦੇ ਪ੍ਰਧਾਨਗੀ ਦੇ ਦਾਅਵੇਦਾਰ ਜਸਵਿੰਦਰ ਸਿੰਘ ਬਰਾੜ ਨੂੰ 102 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾ ਦਿੱਤਾ। ਓਧਰ ਦੂਜੇ ਪਾਸੇ ਟੀਚਰਜ਼ ਯੂਨਾਇਟਿਡ ਫ਼ਰੰਟ ਵੱਲੋਂ ਮੀਤ ਪ੍ਰਧਾਨਗੀ ਦੇ ਅਹੁਦੇ ਦੇ ਦਾਅਵੇਦਾਰ ਗੁਰਨਾਮ ਸਿੰਘ ਵਿਰਕ ਨੇ ਪ੍ਰੋਗਰੈਸਿਵ ਟੀਚਰਜ਼ ਅਲਾਇੰਸ ਦੇ ਉਮੀਦਵਾਰ ਪੂਨਮ ਪਤਿਆਰ ਨੂੰ 18 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ ਜਦੋਂਕਿ ਜੁਆਇੰਟ ਸਕੱਤਰ ਦੇ ਅਹੁਦੇ ’ਤੇ ਪੀਟੀਏ ਦੇ ਉਮੀਦਵਾਰ ਜਸ਼ਨਦੀਪ ਸਿੰਘ ਨੇ ਟੀਯੂਐਫ਼ ਨੂੰ 21 ਵੋਟਾਂ ਤੇ ਸਕੱਤਰ ਦੇ ਅਹੁਦੇ ਤੇ ਸਕੱਤਰ ਦੇ ਅਹੁਦੇ ’ਤੇ ਟੀਯੂਐਫ਼ ਦੇ ਸੁੱਖਜਿੰਦਰ ਨੇ ਟੀਯੂਐਫ਼ ਦੇ ਸਿਕੰਦਰ ਸਿੰਘ ਨੂੰ 88 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾ ਦਿੱਤਾ। ਖ਼ਬਰ ਲਿਖੇ ਜਾਣ ਤਕ ਮੈਂਬਰਾਂ ਦੀ ਵੋਟਾਂ ਦੀ ਗਿਣਤੀ ਦੇ ਨਤੀਜੇ ਆਉਣੇ ਬਾਕੀ ਸਨ।

ਜਾਣਕਾਰੀ ਅਨੁਸਾਰ ਵੀਰਵਾਰ ਦੀ ਸਵੇਰ 9 ਵਜੇ ਪੰਜਾਬੀ ਯੂਨੀਵਰਸਿਟੀ ਵਿਚ ਪੰਜਾਬੀ ਯੂਨੀਵਰਸਿਟੀ ਟੀਚਰਜ਼ ਸੰਘ ਦੀਆ ਚੋਣਾਂ ਸੁਰੂ ਕਰਵਾਈਆਂ ਗਈਆਂ। ਯੂਨੀਵਰਸਿਟੀ ਕੈਂਪਸ ਤੋਂ ਇਲਾਵਾ ਦੂਸਰੇ ਨੇਬਰਹੁੱਡ ਕੈਂਪਸ ਤੇ ਕਾਂਸਟੀਚਿਊਂਟ ਕਾਲਜਾਂ ਦੇ 550 ਅਧਿਆਪਕਾਂ ਵਿਚ 494 ਨੇ ਵੋਟਾਂ ਪਾਈਆਂ। ਦੋਵਾਂ ਧਿਰਾਂ ਵਿਚ ਹੋਏ ਫ਼ਸਵੇਂ ਮੁਕਾਬਲੇ ਦੌਰਾਨ ਭੁਪਿੰਦਰ ਸਿੰਘ ਵਿਰਕ ਜੇਤੂ ਰਹੇ। ਉਨ੍ਹਾਂ ਕਿਹਾ ਕਿ ਹੋਰਨਾਂ ਮਸਲਿਆਂ ਦੇ ਨਾਲ ਨਾਲ ਅਧਿਆਪਕਾਂ ਦੇ ਪੇ-ਸਕੇਲ, ਕੇਂਦਰੀ ਯੂਨੀਵਰਸਿਟੀਆਂ ਵਿਚਲੇ ਅਧਿਆਪਕਾਂ ਦੀ ਰਿਟਾਇਰਮੈਂਟ ਉਮਰ ਸਬੰਧੀ ਸਿਫਾਰਸ਼ਾਂ ਸਮੇਤ ਛੇਤੀ ਤੋਂ ਛੇਤੀ ਲਾਗੂ ਕਰਕੇ, ਬਣਦੇ ਬਕਾਏ ਜਾਰੀ ਕਰਵਾਉਣੇ ਆਦਿ ਸਮੱਸਿਆ ਨੂੰ ਪਹਿਲੇ ਦੇ ਅਧਾਰ ਤੇ ਹੱਲ ਕਰਵਾਇਆ ਜਾਵੇਗਾ। ਇਸੇ ਦੌਰਾਨ ਟੀਚਰਜ਼ ਯੂਨਾਈਟਿਡ ਫਰੰਟ ਦੇ ਕਨਵੀਨਰ ਜਸਵਿੰਦਰ ਸਿੰਘ ਬਰਾੜ ਨੇ ਨਵੀਂ ਟੀਮ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਕਿਹਾ ਕਿ ਜੋ ਪਿਆਰ ਇਨ੍ਹਾਂ ਚੋਣਾਂ ਵਿਚ ਅਧਿਆਪਕਾਂ ਨੇ ਦਿੱਤਾ ਗਿਆ ਹੈ, ਲਈ ਧੰਨਵਾਦੀ ਹਨ।