ਹਰਿੰਦਰ ਸ਼ਾਰਦਾ, ਪਟਿਆਲਾ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਮੰਗ ਕੀਤੀ ਹੈ ਕਿ ਮਾਝੇ ਦੇ ਤਿੰਨ ਜ਼ਿਲ੍ਹਿਆਂ 'ਚ ਜ਼ਹਿਰੀਲੀ ਸ਼ਰਾਬ ਨਾਲ ਹੋਇਆ ਲਗਪਗ ਸਵਾ 100 ਮੌਤਾਂ ਦੇ ਮਾਮਲੇ 'ਚ ਸਭ ਤੋਂ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ 'ਤੇ ਕਤਲ ਦੇ ਕੇਸ ਦਰਜ ਹੋਣੇ ਚਾਹੀਦੇ ਹਨ ਕਿਉਂਕਿ ਬਤੌਰ ਮੁੱਖ ਮੰਤਰੀ ਆਬਕਾਰੀ ਤੇ ਗ੍ਰਹਿ ਮੰਤਰੀ ‘ਰਾਜਾ’ ਹੀ ਇਸ ਸੰਗਠਨਾਤਮਕ ਅਪਰਾਧ ਲਈ ਸਭ ਤੋਂ ਵੱਡੇ ਦੋਸ਼ੀ ਸਾਬਤ ਹੋ ਰਹੇ ਹਨ। ਫਿਰ ਕਤਲ ਦੇ ਕੇਸ ਦਰਜ ਕਰਨ ਦੀ ਸ਼ੁਰੂਆਤ ਅਮਰਿੰਦਰ ਸਿੰਘ ਤੋਂ ਹੋਣੀ ਚਾਹੀਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਟਿਆਲਾ ਵਿਖੇ ਪੱਤਰਕਾਰ ਮਿਲਣੀ ਦੌਰਾਨ ਸੰਬੋਧਨ ਕਰਦੇ ਹੋਏ ਕੀਤਾ।

ਇਸ ਨਾਲ ਹੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਅੱਜ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਮੁੱਖ ਮੰਤਰੀ ਨੂੰ 'ਕੈਪਟਨ' ਕਹਿ ਕੇ ਸੰਬੋਧਿਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਤੋਂ ਲੈ ਕੇ ਪੇਂਡੂ-ਸ਼ਹਿਰੀ ਸਮਾਜ ਤੇ ਸਭਿਆਚਾਰ 'ਚ ਕੈਪਟਨ (ਕਪਤਾਨ) ਇੱਕ ਬੇਹੱਦ ਸਨਮਾਨਯੋਗ ਸ਼ਬਦ ਹੈ ਪਰ ਅਮਰਿੰਦਰ ਸਿੰਘ ਇਸ ਸੱਚੇ-ਸੁੱਚੇ ਸ਼ਬਦ ਦੀ ਲਾਜ ਰੱਖਣ 'ਚ ਬੁਰੀ ਤਰਾਂ ਅਸਫ਼ਲ ਹੋਏ ਹਨ। ਜਮਹੂਰੀਅਤ ਵੱਲੋਂ ਐਨਾ ਵੱਡਾ ਮਾਣ-ਸਨਮਾਨ ਮਿਲਣ ਦੇ ਬਾਵਜੂਦ ਅਮਰਿੰਦਰ ਸਿੰਘ ਆਪਣੀ ਰਾਜਿਆਂ ਵਾਲੀ ਅੱਯਾਸ਼ ਅਤੇ ਆਰਾਮ ਪਸੰਦ ਜੀਵਨ ਸ਼ੈਲੀ ਬਦਲ ਨਹੀਂ ਸਕੇ। ਜ਼ਹੀਨ ਅਤੇ ਜਾਂਬਾਜ ਟੀਮ ਲੀਡਰ ਦੇ ਪ੍ਰਤੀਕ 'ਕੈਪਟਨ' ਸ਼ਬਦ ਨੂੰ ਅਮਰਿੰਦਰ ਸਿੰਘ ਲਈ ਵਰਤ ਕੇ ਹੋਰ ਬੇਇੱਜ਼ਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਯੁੱਧਾਂ, ਸੰਕਟਾਂ ਤੇ ਚੁਣੌਤੀ ਭਰੇ ਸਮਿਆਂ ਦੌਰਾਨ ਮੈਦਾਨ-ਏ-ਜੰਗ 'ਚ ‘ਕੈਪਟਨ’ ਖ਼ੁਦ ਅਗਵਾਈ ਕਰਦੇ ਹਨ ਨਾ ਕਿ ਫਾਰਮ ਹਾਊਸ ਦੇ ਆਲੀਸ਼ਾਨ ‘ਘੋਰਨਿਆਂ’ 'ਚ ਮਹਿਫ਼ਲਾਂ ਸਜਾਉਂਦੇ ਹਨ।

Posted By: Amita Verma