ਨਵਦੀਪ ਢੀਂਗਰਾ, ਪਟਿਆਲਾ : ਪਿੰਡ ਕਲਿਆਣ ਵਿਖੇ ਬੈਂਕ 'ਚ ਪਾੜ ਕੇ ਲੁੱਟ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਲੁਟੇਰਿਆਂ ਨੇ ਆਪਣੀ ਪਛਾਣ ਲੁਕਾਉਣ ਲਈ ਪੀਪੀਈ ਕਿੱਟਾਂ ਤੇ ਭੂਤੀਆ ਮਾਸਕ ਪਾ ਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ। ਇਸ ਵਾਰਦਾਤ ਵਿਚ ਸ਼ਾਮਲ ਦੋ ਵਿਅਕਤੀਆਂ ਦੀ ਹਾਲੇ ਭਾਲ ਕੀਤੀ ਜਾ ਰਹੀ ਹੈ।

ਡੀਐੱਸਪੀ ਯੋਗੇਸ਼ ਸ਼ਰਮਾ ਨੇ ਦੱਸਿਆ ਕਿ 9-10 ਅਪੈ੍ਲ ਦੀ ਦਰਮਿਆਨੀ ਰਾਤ ਨੂੰ ਪਿੰਡ ਕਲਿਆਣ ਵਿਖੇ ਸਥਿਤ ਐੱਸਬੀਆਈ ਬੈਂਕ ਦੀ ਬ੍ਾਂਚ ਵਿਚ ਅਣਪਛਾਤੇ ਵਿਅਕਤੀਆਂ ਵੱਲੋਂ ਪਾੜ ਪਾ ਕੇ ਨਕਦੀ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਸਬੰਧੀ ਬੈਂਕ ਮੈਨੇਜਰ ਵਿਨੈ ਸ਼ਰਮਾ ਦੀ ਸ਼ਿਕਾਇਤ 'ਤੇ ਥਾਣਾ ਬਖਸ਼ੀਵਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ। ਜਾਂਚ ਦੌਰਾਨ ਪਿੰਡ ਕਲਿਆਣ ਵਾਸੀ ਜਸਪ੍ਰਰੀਤ ਸਿੰਘ ਉਰਫ ਜੱਸਾ, ਕਿਰਪਾਲ ਸਿੰਘ ਉਰਫ ਕਾਲੀ, ਪਰਮਿੰਦਰ ਸਿੰਘ ਉਰਫ ਮੱਘਾ, ਅਬਲੋਵਾਲ ਵਸੀ ਰੋਹਿਤ ਕੁਮਾਰ ਅਤੇ ਗੁਰਦਿੱਤ ਸਿੰਘ ਉਰਫ ਗੀਤੀ ਵਾਸੀ ਨਜੂਲ ਕਾਲੋਨੀ ਪਟਿਆਲਾ ਦੀ ਸ਼ਮੂਲੀਅਤ ਇਸ ਵਾਰਦਾਤ ਵਿਚ ਸਾਹਮਣੇ ਆਈ ਹੈ। ਡੀਐਸਪੀ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਰਾਤ ਸਮੇਂ ਪੀਪੀਈ ਕਿੱਟਾਂ ਤੇ ਭੂਤੀਆ ਮਾਸਕ ਪਾ ਕੇ ਬੈਂਕ ਅੰਦਰ ਦਾਖ਼ਲ ਹੋਏ। ਉਨ੍ਹਾਂ ਨੇ ਪਹਿਲਾਂ ਸੀਸੀਟੀਵੀ ਕੈਮਰੇ ਤੋੜੇ ਤੇ ਫਿਰ ਏਟੀਐੱਮ ਤੇ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੇ। ਜਸਪ੍ਰਰੀਤ ਸਿੰਘ, ਕਿਰਪਾਲ ਸਿੰਘ ਅਤੇ ਰੋਹਿਤ ਕੁਮਾਰ ਨੂੰ ਗਿ੍ਫ਼ਤਾਰ ਕਰਕੇ ਕਟਰ, ਪੀਪੀਈ ਕਿੱਟਾਂ, ਪਲਾਸ ਅਤੇ ਜਾਂਦੇ ਸਮੇਂ ਲੈ ਕੇ ਗਏ ਬੈਂਕ ਦੇ ਸੀਸੀਟੀਵੀ ਕੈਮਰੇ ਵੀ ਬਰਾਮਦ ਕੀਤੇ ਹਨ। ਦੋ ਮੁਲਜ਼ਮ ਪਰਮਿੰਦਰ ਸਿੰਘ ਉਰਫ ਮੱਘਾ ਅਤੇ ਗੁਰਦਿੱਤ ਸਿੰਘ ਉਰਫ ਗੀਤੀ ਹਾਲੇ ਫ਼ਰਾਰ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ। ਐੱਸਪੀ ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਮੁਲਜਮਾਂ ਤੋਂ ਕੀਤੀ ਪੁੱਛਗਿੱਛ ਵਿਚ ਹੋਰ ਚੋਰੀ ਦੀਆਂ ਵਾਰਦਾਤਾਂ ਸਬੰਧੀ ਦਰਜ ਮੁਕੱਦਮਿਆਂ ਬਾਰੇ ਪਤਾ ਲੱਗਿਆ ਹੈ, ਜਿਨ੍ਹਾਂ ਵਿਚ ਉਕਤ ਮੁਲਜ਼ਮ ਸ਼ਾਮਲ ਸਨ।