ਹਰਜੀਤ ਨਿੱਜਰ, ਬਹਾਦਰਗੜ੍ਹ : ਆਟੋ ਵਿਚ ਸਵਾਰ ਕੁੜੀ ਨਾਲ ਜਬਰ-ਜਨਾਹ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿਚ ਗਿ੍ਫ਼ਤਾਰ ਚਾਲਕ ਸੁਖਦੇਵ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਗਿ੍ਫਤਾਰ ਆਟੋ ਚਾਲਕ ਸੁਖਦੇਵ ਸਿੰਘ ਦਾ ਪੁਲਿਸ ਰਿਮਾਂਡ ਖ਼ਤਮ ਹੋਣ 'ਤੇ ਇਹਨੂੁੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਇਹਨੂੰ ਨਿਆਂਇਕ ਹਿਰਾਸਤ ਭੇਜਣ ਦਾ ਹੁਕਮ ਸੁਣਾਇਆ ਹੈ। ਦੱਸਣਾ ਬਣਦਾ ਹੈ ਕਿ ਸੁਖਦੇਵ ਖਿਲਾਫ ਪਹਿਲਾਂ ਵੀ ਪਟਿਆਲਾ ਦੇ ਥਾਣਾ ਤਿ੍ਪੜੀ ਵਿਖੇ ਔਰਤ ਨੂੰ ਪਰੇਸ਼ਾਨ ਕਰਨ ਸਮੇਤ ਦੋ ਮੁਕੱਦਮੇ ਦਰਜ ਹਨ।

ਜਾਣਕਾਰੀ ਅਨੁਸਾਰ ਪਿੰਡ ਕੌਲੀ ਦੀ ਵਸਨੀਕ ਕੁੜੀ ਜਦੋਂ ਆਟੋ ਰਿਕਸ਼ਾ 'ਚ ਸਵਾਰ ਹੋ ਕੇ ਆਪਣੇ ਘਰ ਪਰਤ ਰਹੀ ਸੀ ਤਾਂ ਰਸਤੇ 'ਚ ਆਟੋ ਚਾਲਕ ਸੁਖਦੇਵ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਪੇਚਕਸ ਨਾਲ ਵਾਰ ਕਰ ਕੇ ਕੁੜੀ ਨੂੰ ਜ਼ਖ਼ਮੀ ਕਰ ਦਿੱਤਾ ਸੀ। ਕੁੜੀ ਰੌਲਾ ਪਾਇਆ ਤਾਂ ਮੁਲਜ਼ਮ ਆਟੋ ਚਾਲਕ ਮੌਕੇ ਤੋਂ ਭੱਜ ਗਿਆ ਸੀ। ਪੀੜਤ ਦੇ ਬਿਆਨਾਂ ਦੇ ਅਧਾਰ 'ਤੇ ਇਸ ਸੁਖਦੇਵ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਮੁਲਜ਼ਮ ਨੂੰ ਗਿ੍ਫ਼ਤਾਰ ਕਰਨ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ, ਜਿਨ੍ਹਾਂ ਨੇ ਵਾਰਦਾਤ ਦੇ 24 ਘੰਟਿਆਂ ਅੰਦਰ ਸੁਖਦੇਵ ਨੂੰ ਕਾਬੂ ਕਰ ਲਿਆ। ਸੁਖਦੇਵ ਵੱਲੋਂ ਵਾਰਦਾਤ ਵਿਚ ਵਰਤਿਆਂ ਪੇਚਕਸ ਬਰਾਮਦ ਕਰ ਲਿਆ ਗਿਆ ਹੈ।