ਨਵਦੀਪ ਢੀਂਗਰਾ, ਪਟਿਆਲਾ : ਮੁੱਖ ਮੰਤਰੀ ਦੇ ਜਿਲ੍ਹੇ ਵਿਚ ਨਸ਼ਾ ਤਸਕਰਾਂ ਦੇ ਹੌਸਲੇ ਏਨੇ ਬੁਲੰਦ ਹੋ ਚੁੱਕੇ ਹਨ ਕਿ ਪੁਲਿਸ ਦੀ ਕੁੱਟਮਾਰ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ। ਜੁਲਕਾਂ ਤੇ ਅਨਾਜ ਮੰਡੀ ਥਾਣੇ ਤੋਂ ਬਾਅਦ ਹੁਣ ਪਸਿਆਣਾ ਥਾਣਾ ਪੁਲਿਸ ਟੀਮ 'ਤੇ ਵੀ ਹਮਲਾ ਹੋ ਗਿਆ ਹੈ। ਇਹ ਹਮਲਾ ਉਦੋਂ ਹੋਇਆ ਜਦੋਂ ਪਿੰਡ ਕਰਹਾਲੀ ਸਾਹਿਬ ਨੇੜੇ ਏਐੱਸਆਈ ਨੇ ਪੁਲਿਸ ਟੀਮ ਨਾਲ ਮੋਟਰਸਾਈਕਲ ਸਵਾਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।

ਮੋਟਰਸਾਈਕਲ ਸਵਾਰ ਰੁਕਣ ਦੀ ਬਜਾਏ ਏਐੱਸਆਈ ਨੂੰ ਟੱਕਰ ਮਾਰ ਕੇ ਵਾਹਨ ਛੱਡ ਫ਼ਰਾਰ ਹੋ ਗਿਆ। ਇਸ ਦੌਰਾਨ ਏਐੱਸਆਈ ਦੀ ਲੱਤ ਟੁੱਟ ਗਈ, ਜਦਕਿ ਮੋਟਰਸਾਈਕਲ 'ਚੋਂ 144 ਬੋਤਲਾਂ ਸ਼ਰਾਬ ਬਰਾਮਦ ਹੋਈ ਹੈ। ਥਾਣਾ ਪਸਿਆਣਾ ਪੁਲਿਸ ਨੇ ਬਾਈਕ ਚਾਲਕ ਜਗਦੀਸ਼ ਸਿੰਘ ਵਾਸੀ ਬਿੰਜਲਪੁਰ ਖ਼ਿਲਾਫ਼ ਕੇਸ ਦਰ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਏਐੱਸਆਈ ਨਰਿੰਦਰ ਸਿੰਘ ਨਵਾਂ ਗਾਓਂ ਚੌਂਕੀ ਵਿਚ ਤਾਇਨਾਤ ਹੈ। ਜਿਸ ਨੇ ਪੁਲਿਸ ਟੀਮ ਸਮੇਤ ਸ਼ੁੱਕਰਵਾਰ ਨੂੰ ਪਿੰਡ ਕਰਹਾਲੀ ਸਾਹਿਬ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਪੁਲਿਸ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਰਾਬ ਤਸਕਰੀ ਦੇ ਤਿੰਨ ਮਾਮਲਿਆਂ ਵਿਚ ਨਾਮਜ਼ਦ ਮੁਲਜ਼ਮ ਜਗਦੀਸ਼ ਸਿੰਘ ਹਰਿਆਣਾ ਤੋਂ ਸ਼ਰਾਬ ਲੈ ਕੇ ਪਟਿਆਲਾ ਵੱਲ ਆ ਰਿਹਾ ਹੈ।

ਸੂਚਨਾ ਦੇ ਆਧਾਰ 'ਤੇ ਕਰਹਾਲੀ ਸਾਹਿਬ ਪੁਲੀ 'ਤੇ ਨਾਕਾਬੰਦੀ ਕੀਤੀ ਗਈ। ਇਸੇ ਦੌਰਾਨ ਹੀ ਜਗਦੀਸ਼ ਸਿੰਘ ਮੋਟਰਸਾਈਕਲ 'ਤੇ ਸਵਾਰ ਹੋ ਕੇ ਆ ਰਿਹਾ ਸੀ, ਜਿਸ ਨੂੰ ਏਐੱਸਆਈ ਨਰਿੰਦਰ ਸਿੰਘ ਨੇ ਰੁਕਣ ਦਾ ਇਸ਼ਾਰਾ ਕੀਤਾ। ਪਰ ਜਗਦੀਸ਼ ਨੇ ਮੋਟਰਸਾਈਕਲ ਰੋਕਣ ਦੀ ਬਜਾਏ ਏਐੱਸਆਈ ਵਿਚ ਟੱਕਰ ਮਾਰ ਦਿੱਤੀ ਤੇ ਫ਼ਰਾਰ ਹੋ ਗਿਆ। ਮੋਟਰਸਾਈਕਲ ਦੀ ਤਲਾਸ਼ੀ ਲੈਣ 'ਤੇ ਸਾਮਾਨ ਢੋਣ ਲਈ ਬਣਾਈਆਂ ਬੁਰਜੀਆਂ 'ਚੋਂ 144 ਬੋਤਲਾਂ ਸ਼ਰਾਬ ਬਰਾਮਦ ਹੋਈ ਹੈ। ਥਾਣਾ ਪਸਿਆਣਾ ਮੁਖੀ ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਦੀ ਗਿ੍ਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਕ ਮਹੀਨੇ 'ਚ ਤੀਸਰਾ ਹਮਲਾ

ਮੁੱਖ ਮੰਤਰੀ ਦੇ ਜ਼ਿਲ੍ਹੇ ਵਿਚ ਨਸ਼ਾ ਤਸਕਰਾਂ ਵੱਲੋਂ ਹਮਲਾ ਕਰਨ ਦੀ ਇਹ ਤੀਸਰੀ ਘਟਨਾ ਹੈ। 4 ਨਵੰਬਰ ਨੂੰ ਥਾਣਾ ਅਨਾਜ ਮੰਡੀ ਅਧੀਨ ਆਉਂਦੇ ਪਿੰਡ ਅਲੀਪੁਰ ਅਰਾਈਆਂ ਵਿਚ ਸ਼ਰਾਬ ਤਸਕਰਾਂ ਨੇ ਪੁਲਿਸ ਟੀਮ 'ਤੇ ਹਮਲਾ ਕੀਤਾ ਸੀ। ਇਸ ਹਮਲੇ ਵਿਚ ਸਿਪਾਹੀ ਗੁਰਪਾਲ ਸਿੰਘ ਦੀ ਸ਼ਿਕਾਇਤ 'ਤੇ ਦੋ ਭਰਾਵਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।

ਇਸ ਤੋਂ ਪਹਿਲਾਂ 21 ਅਕਤੂਬਰ ਨੂੰ ਥਾਣਾ ਜੁਲਕਾਂ ਦੀ ਪੁਲਿਸ ਟੀਮ 'ਤੇ ਪਿੰਡ ਹਾਜੀਪੁਰ ਕੋਲ ਹਮਲਾ ਕੀਤਾ ਗਿਆ। ਏਐਸਆਈ ਜਸਬੀਰ ਸਿੰਘ, ਹੌਲਦਾਰ ਅਮਰਜੀਤ ਖਾਨ, ਹੋਮਗਾਰਡ ਗੁਰਨਾਮ ਸਿੰਘ, ਗੁਰਪਾਲ ਸਿੰਘ ਆਦਿ 'ਤੇ ਹਮਲਾ ਕਰਦਿਆਂ ਨਸ਼ਾ ਤਸਕਰ ਲਿਫਾਫਾ ਸੁੱਟ ਕੇ ਫਰਾਰ ਹੋ ਗਿਆ ਸੀ। ਲਿਫਾਫੇ 'ਚੋਂ ਪੁਲਿਸ ਨੇ ਭੁੱਕੀ ਬਰਾਮਦ ਕੀਤੀ ਸੀ। ਇਸ ਸਬੰਧੀ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।