ਅਸ਼ਵਿੰਦਰ ਸਿੰਘ, ਬਨੂੜ : ਕਣਕ 'ਤੇ ਪੀਲੀ ਕੁੰਗੀ ਦੇ ਹਮਲੇ ਨੂੰ ਵੇਖਦਿਆਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਹਰਕਤ 'ਚ ਆ ਗਿਆ ਹੈ। ਵਿਭਾਗ ਦੇ ਅਧਿਕਾਰੀ ਪਿੰਡਾਂ 'ਚ ਕਣਕ ਦੀ ਫ਼ਸਲ ਦਾ ਨਿਰੀਖ਼ਣ ਕਰ ਰਹੇ ਹਨ ਤੇ ਕਿਸਾਨਾਂ ਨੂੰ ਅਗਲੇ ਕੁਝ ਦਿਨ ਪੀਲੀ ਕੁੰਗੀ ਤੇ ਤੇਲੇ ਦੇ ਹਮਲੇ ਦੀ ਰੋਕਥਾਮ ਲਈ ਕਣਕ ਦੀ ਫ਼ਸਲ ਦੀ ਨਿਰੰਤਰ ਨਿਗਰਾਨੀ ਦੀ ਸਲਾਹ ਦੇ ਰਹੇ ਹਨ।

ਖੇਤੀਬਾੜੀ ਅਫ਼ਸਰ ਰਾਜਪੁਰਾ ਡਾ. ਗੁਰਮੇਲ ਸਿੰਘ, ਏਡੀਓ ਅਮਨਪ੍ਰੀਤ ਸਿੰਘ, ਜਤਿਨ ਵਰਮਾ, ਜਸਵਿੰਦਰ ਸਿੰਘ ਤੇ ਅਵਤਾਰ ਸਿੰਘ ਤੇ ਆਧਾਰਿਤ ਟੀਮ ਨੇ ਅੱਜ ਇਸ ਖੇਤਰ ਦੇ ਪਿੰਡ ਜਾਂਸਲਾ, ਜਾਂਸਲੀ, ਰਾਮਨਗਰ ਆਦਿ ਵਿਖੇ ਕਣਕ ਦੀ ਫ਼ਸਲ ਦਾ ਨਿਰੀਖ਼ਣ ਕੀਤਾ।

ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਖੇਤਰ 'ਚ ਪੀਲੀ ਕੁੰਗੀ ਦਾ ਹਮਲਾ ਨਜ਼ਰ ਨਹੀਂ ਆਇਆ, ਜਦਕਿ ਤੇਲੇ ਦਾ ਹਮਲਾ ਜ਼ਰੂਰ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਵੇਰੇ-ਸ਼ਾਮ ਫ਼ਸਲ ਵਿਚ ਚੱਕਰ ਮਾਰਨ, ਜੇਕਰ ਪੀਲੀ ਕੁੰਗੀ ਦੀ ਨਿਸ਼ਾਨੀ ਨਜ਼ਰ ਆਵੇ ਤਾਂ ਤੁਰੰਤ ਰੋਕਥਾਮ ਲਈ ਲੋੜੀਂਦੀਆਂ ਦਵਾਈਆਂ ਦਾ ਸਪਰੇਅ ਕਰਨ।

ਉਨ੍ਹਾਂ ਦੱਸਿਆ ਕਿ ਪੀਲੀ ਕੁੰਗੀ ਲਈ ਕਿਸਾਨ 200 ਗ੍ਰਾਮ ਕੈਲੀਅਟ ਜਾਂ 120 ਗ੍ਰਾਮ ਨਟੀਵੋ ਜਾਂ 200 ਮਿਲੀਲਿਟਰ ਓਪੇਰਾ, ਟਿਲਟ, ਸ਼ਾਦੀਨ ਜਾਂ ਬੰਪਰ 'ਚੋਂ ਕਿਸੇ ਵੀ ਇੱਕ ਦਵਾਈ ਦਾ 200 ਲਿਟਰ ਪਾਣੀ ਮਿਲਾ ਕੇ ਪ੍ਰਤੀ ਏਕੜ ਛਿੜਕਾਅ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਤਾਪਮਾਨ ਵਧਣ ਨਾਲ ਅਗਲੇ ਕੁਝ ਦਿਨਾਂ 'ਚ ਕੁੰਗੀ ਦਾ ਖਤਰਾ ਟਲ ਜਾਵੇਗਾ।

Posted By: Jagjit Singh