ਨਵਦੀਪ ਢੀਂਗਰਾ, ਪਟਿਆਲਾ : ਹੈਰੋਇਨ ਸਮੇਤ ਗਿ੍ਫ਼ਤਾਰ ਮਹਿਲਾ ਏਐੱਸਆਈ ਮਾਮਲੇ ਵਿਚ ਤਰਨਤਾਰਨ ਪੁਲਿਸ ਨੇ ਉਸਦੇ ਏਐੱਸਆਈ ਪਤੀ ਨੂੰ ਹਿਰਾਸਤ ਵਿਚ ਲੈ ਕੇ ਉਸ ਦੇ ਘਰ ਦੀ ਤਲਾਸ਼ੀ ਵੀ ਲਈ ਗਈ। ਹਾਲਾਂਕਿ ਇਸ ਦੌਰਾਨ ਕੋਈ ਵੀ ਇਤਰਾਜ਼ਯੋਗ ਚੀਜ਼ ਹੱਥ ਨਹੀਂ ਲੱਗੀ ਪਰ ਇਸੇ ਮਾਮਲੇ ਵਿਚ ਗਿ੍ਫਤਾਰ ਦੂਸਰੇ ਵਿਅਕਤੀ ਦੇ ਰੇਨੂੰ ਦੇ ਘਰ ਵਿਚ ਰਹਿਣ ਦਾ ਖ਼ੁਲਾਸਾ ਜ਼ਰੂਰ ਹੋਇਆ ਹੈ।

ਜਾਣਕਾਰੀ ਅਨੁਸਾਰ ਤਰਨਤਾਰਨ ਪੁਲਿਸ ਟੀਮ ਬੁੱਧਵਾਰ ਤੜਕਸਾਰ ਸਵੇਰੇ ਰੇਨੂੰ ਬਾਲਾ ਦੇ ਪਟਿਆਲਾ ਦੇ ਰਣਜੀਤ ਐਵੀਨਿਊ ਸਥਿਤ ਘਰ ਪੁੱਜੀ। ਉਸ ਦੇ ਪਤੀ ਸੁਰਿੰਦਰ ਸਿੰਘ ਨੂੰ ਹਿਰਾਸਤ ਵਿਚ ਲੈ ਕੇੇ ਕਈ ਘੰਟੇ ਤਲਾਸ਼ੀ ਲਈ ਗਈ। ਟੀਮ ਦੇ ਹੱਥ ਕੁਝ ਨਹੀਂ ਲੱਗਾ ਅਤੇ ਟੀਮ ਸੁਰਿੰਦਰ ਸਿੰਘ ਨੂੰ ਪੁੱਛਗਿੱਛ ਲਈ ਆਪਣੇ ਨਾਲ ਪੱਟੀ ਲੈ ਗਈ ਹੈ।

ਰੇਨੂੰ ਬਾਲਾ ਦੇ ਘਰ ਰਿਹਾ ਸੀ ਨਿਸ਼ਾਨ ਸਿੰਘ

ਸੂਤਰਾਂ ਅਨੁਸਾਰ ਰੇਨੂੰ ਬਾਲਾ ਨਾਲ ਫੜੇ ਗਏ ਨਸ਼ਾ ਤਸਕਰ ਨਿਸ਼ਾਨ ਸਿੰਘ ਦਾ ਇਨ੍ਹਾਂ ਦੇ ਘਰ ਆਉਣਾ ਜਾਣਾ ਸੀ। ਇਸ ਤੋਂ ਇਲਾਵਾ ਰੇਨੂੰ ਬਾਲਾ ਦਾ ਪਤੀ ਏਐੱਸਆਈ ਸੁਰਿੰਦਰ ਸਿੰਘ ਵੀ ਪੱਟੀ ਵਿਖੇ ਲੰਮਾ ਸਮਾਂ ਤਾਇਨਾਤ ਰਿਹਾ, ਜਿਸਦੇ ਚੱਲਦਿਆਂ ਨਿਸ਼ਾਨ ਸਿੰਘ ਦੀ ਸੁਰਿੰਦਰ ਸਿੰਘ ਨਾਲ ਨੇੜਤਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਪੁਲਿਸ ਅਧਿਕਾਰੀ ਵੀ ਸ਼ੱਕ ਦੇ ਘੇਰੇ 'ਚ

ਪਟਿਆਲਾ ਪੁਲਿਸ ਵਿਚ ਤਾਇਨਾਤ ਏਐਸਆਈ ਦੀ ਗਿ੍ਫ਼ਤਾਰੀ ਹੋਣ 'ਤੇ ਨਸ਼ਾ ਤਸਕਰਾਂ ਨਾਲ ਸਬੰਧੀ ਹੋਣ ਤੋਂ ਬਾਅਦ ਖ਼ੁਦ ਪੁਲਿਸ ਵੀ ਸ਼ੱਕ ਦੇ ਘੇਰੇ ਵਿਚ ਆ ਗਈ ਹੈ। ਜਿਥੇ ਅਰਬਨ ਅਸਟੇਟ ਦੇ ਥਾਣਾ ਮੁਖੀ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕੀਤੀ ਗਈ ਹੈ ਉਥੇ ਹੀ ਰੇਨੂੰ ਬਾਲਾ ਤੇ ਉਸਦੇ ਨਜ਼ਦੀਕੀ ਪੁਲਿਸ ਮੁਲਾਜ਼ਮਾਂ ਵੱਲੋਂ ਵੀ ਨਾਰਕੋਟਿਕਸ ਵਿਭਾਗ ਦੀ ਅੱਖ ਟਿਕ ਗਈ ਹੈ।

ਤਰਨਤਾਰਨ ਨਾਰਕੋਟਿਕਸ ਸੈਲ ਇੰਚਾਰਜ ਐਸਆਈ ਸੁਖਰਾਜ ਸਿੰਘ ਨੇ ਕਿਹਾ ਕਿ ਅੱਜ ਰੇਨੂੰ ਬਾਲਾ ਦੇ ਘਰ ਟੀਮ ਵੱਲੋਂ ਜਾਂਚ ਪੜਤਾਲ ਕੀਤੀ ਗਈ ਹੈ। ਇਸ ਦੌਰਾਨ ਘਰ ਵਿਚੋਂ ਕੁਝ ਨਹੀਂ ਮਿਲਿਆ ਹੈ ਫਿਲਹਾਲ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹੈ ਅਗਲੇ ਦਿਨਾਂ ਵਿਚ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।