ਕੇਵਲ ਸਿੰਘ, ਅਮਲੋਹ : ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਵੱਲੋਂ ਐਂਟੀ ਰੈਗਿੰਗ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ। ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਨੇ ਸਮ੍ਹਾ ਰੌਸ਼ਨ ਕਰ ਕੇ ਇਸ ਸੈਮੀਨਾਰ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਭਗਤ ਕੈਂਪਸ ਰੈਗਿੰਗ ਤੋਂ ਮੁਕਤ ਹੈ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਕੈਂਪਸ ਵਿਖੇ ਐਂਟੀ ਰੈਗਿੰਗ ਸੁਕਾਅਡ ਦਾ ਗਠਨ ਕੀਤਾ ਗਿਆ। ਇਹ ਸੁਕਾਅਡ ਕੈਂਪਸ ਦੇ ਹਰ ਹਿੱਸੇ ਦੀ ਲਗਾਤਾਰ ਚੌਕਸੀ ਰੱਖਦੀ ਹੈ ਤਾਂ ਕਿ ਵਿਦਿਆਰਥੀਆਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਨਾ ਆਵੇ। ਇਸ ਮੌਕੇ ਡੈਂਟਲ ਕੌਂਸਲ ਦੇ ਮੈਂਬਰ ਡਾ. ਸਚਿਨ ਦੇਵ ਮਹਿਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਰੈਗਿੰਗ ਜੁਰਮ ਹੈ। ਵਿਦਿਆਰਥੀਆਂ ਨੂੰ ਕਾਲਜ ਦੇ ਨਿਯਮਾਂ ਅਤੇ ਹਦਾਇਤਾਂ ਦਾ ਪਾਲਣ ਕਰਨਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਨਸੀਹਤ ਦਿੱਤੀ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਰੈਗਿੰਗ ਦੀ ਹਰਕਤ ਹੋਵੇ ਤਾਂ ਇਸ ਦੀ ਸੂਚਨਾ ਤੁਰੰਤ ਐਂਟੀ ਰੈਗਿੰਗ ਤੁਰੰਤ ਆਪਣੇ ਅਧਿਆਪਕਾਂ ਨੂੰ ਦੇਣ ਤਾਂ ਜੋ ਇਸ ਤਰ੍ਹਾਂ ਦੀ ਹਰਕਤ ਨੂੰ ਤੁਰੰਤ ਰੋਕਿਆ ਜਾ ਸਕੇ। ਦੇਸ਼ ਭਗਤ ਯੂਨਾਈਟਿਡ ਦੇ ਵਾਈਸ ਚੇਅਰਮੈਨ ਸੰਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਕੈਂਪਸ ਅਤੇ ਹੋਸਟਲ ਵਿਚ ਹੀ ਨਹੀਂ ਸਗੋਂ ਹਰ ਥਾਂ 'ਤੇ ਅਨੁਸ਼ਾਸਨ ਦਾ ਪਾਲਣ ਕਰਨ। ਉਨ੍ਹਾਂ ਨਾਲ ਹੀ ਰੈਗਿੰਗ ਖਿਲਾਫ਼ ਚਿਤਾਵਨੀ ਦਿੱਤੀ ਕਿ ਰੈਗਿੰਗ ਵਿਚ ਸ਼ਾਮਲ ਹੋਣ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਵਾਈਸ ਪਿ੍ਰੰਸੀਪਲ ਡਾ. ਸੰਜੀਵ ਸੋਨੀ ਨੇ ਕਿਹਾ ਕਿ ਕੈਂਪਸ ਵਿਚ ਸਾਰੀਆਂ ਆਧੁਨਿਕ ਸਹੂਲਤਾਂ ਉਪਲੱਬਧ ਹਨ। ਵਿਦਿਆਰਥੀਆਂ ਨੂੰ ਜੇਕਰ ਕਿਸੇ ਵੀ ਕਿਸਮ ਦੀ ਮੁਸ਼ਕਲ ਹੈ ਤਾਂ ਉਹ ਬੇਿਝਜਕ ਆਪਣੇ ਅਧਿਆਪਕਾਂ ਨਾਲ ਸੰਪਰਕ ਕਰਨ। ਇਸ ਸੈਮੀਨਾਰ ਵਿਚ ਡੈਂਟਲ ਵਿਭਾਗ ਦੇ ਸਮੂਹ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਅਤੇ ਐਂਟੀ ਰੈਗਿੰਗ ਦੇ ਵਿਸ਼ੇ 'ਤੇ ਪੋਸਟਰ ਮੁਕਾਬਲੇ ਵੀ ਕਰਵਾਏ ਗਏ। ਸੈਮੀਨਾਰ ਦੇ ਪ੍ਰਬੰਧਕ ਡਾ. ਤਜਿੰਦਰ ਨੇ ਰੈਗਿੰਗ ਦੇ ਸਬੰਧ ਵਿਚ ਬਣੇ ਕਾਨੂੰਨ ਬਾਰੇ ਵਿਸਥਾਰਪੂਰਵਕ ਦੱਸਿਆ, ਨਾਲ ਹੀ ਉਨ੍ਹਾਂ ਐਂਟੀ ਰੈਗਿੰਗ ਹੈਲਪਲਾਈਨ ਨੰਬਰ ਅਤੇ ਈਮੇਲ ਪਤੇ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਸਟਾਫ਼ ਮੈਂਬਰ ਮੌਜੂਦ ਸਨ।