ਜਾ.ਸ., ਪਟਿਆਲਾ : ਭਾਦਸੋਂ ਰੋਡ ’ਤੇ ਸ਼ਰਾਬ ਦੀ ਠੇਕੇ ’ਤੇ ਕੰਮ ਕਰਦੇ 30 ਸਾਲਾ ਕਰਿੰਦੇ ਨੂੰ ਅਣਪਛਾਤੇ ਅਨਸਰ ਨੇ ਛੁਰਾ ਮਾਰ ਦਿੱਤਾ ਹੈ। ਇਹ ਘਟਨਾ ਵੀਰਵਾਰ ਸ਼ਾਮ ਕਰੀਬ ਸਾਢੇ ਚਾਰ ਵਜੇ ਦੀ ਹੈ। ਮੌਕੇ ’ਤੇ ਇਕੱਤਰ ਹੋਏ ਆਸ-ਪਾਸ ਦੇ ਦੁਕਾਨਦਾਰਾਂ ਨੇ ਸ਼ਰਾਬ ਦੇ ਠੇਕੇ ਦੇ ਮਾਲਕ ਤੇ ਥਾਣਾ ਤ੍ਰਿਪੜੀ ਦੀ ਪੁਲਿਸ ਨੂੰ ਸੂਚਿਤ ਕੀਤਾ। ਠੇਕਾ ਮਾਲਕ ਮੌਕੇ ’ਤੇ ਪਹੁੰਚ ਗਿਆ ਤੇ ਉਸ ਨੇ ਜ਼ਖ਼ਮੀ ਕਰਿੰਦੇ ਨੂੰ ਨਿੱਜੀ ਹਸਪਤਾਲ ਪਹੁੰਚਾਇਆ ਸੀ। ਉਥੇ ਡਾਕਟਰਾਂ ਨੇ ਜ਼ਖ਼ਮੀ ਨੂੰ ਮ੍ਰਿਤਕ ਐਲਾਨ ਦਿੱਤਾ।

ਮ੍ਰਿਤਕ ਦੀ ਪਛਾਣ ਵਿਕਾਸ ਵਾਸੀ ਕਾਂਗੜਾ (ਹਿਮਾਚਲ ਪ੍ਰਦੇਸ਼) ਵਜੋਂ ਹੋਈ ਹੈ। ਇਹ ਵਿਅਕਤੀ ਭਾਦਸੋਂ ਰੋਡ, ਪਟਿਆਲਾ ਰੋਡ ’ਤੇ ਕਿਰਾਏਦਾਰ ਸੀ। ਮੌਕੇ ’ਤੇ ਪੁੱਜੀ ਪੁਲਿਸ ਨੇ ਆਸ-ਪਾਸ ਤੋਂ ਮਿਲੀ ਸੀਸੀਟੀਵੀ ਫੁਟੇਜ ਲੈ ਕੇ ਪਡ਼ਤਾਲ ਅਰੰਭ ਕਰ ਦਿੱਤੀ ਹੈ।

ਠੇਕੇਦਾਰ ਸੌਰਭ ਨੇ ਦੱਸਿਆ ਕਿ ਭਾਦਸੋਂ ਰੋਡ ’ਤੇ ਉਸ ਦਾ ਠੇਕਾ ਹੈ। ਲੰਘੇ ਚਾਰ ਵਰ੍ਹਿਆਂ ਤੋਂ ਵਿਕਾਸ ਉਨ੍ਹਾਂ ਕੋਲ ਮੁਲਾਜ਼ਮ ਸੀ। ਵੀਰਵਾਰ ਸ਼ਾਮ ਕਰੀਬ ਸਾਢੇ ਚਾਰ ਵਜੇ ਜਦੋਂ ਇਹ ਨੌਕਰ ਠੇਕੇ ’ਤੇ ਇਕੱਲਾ ਸੀ ਤਾਂ ਅਚਾਨਕ 22 ਸਾਲਾ ਵਿਅਕਤੀ ਨੇ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਵਿਕਾਸ ਨੇ ਆਪਣੇ ਬਚਾਅ ਲਈ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਅਣਪਛਾਤੇ ਅਨਸਰ ਨੇ ਦੋ ਵਾਰ ਉਸ ਦੇ ਢਿੱਡ ’ਤੇ ਚਾਕੂ ਦੇ ਵਾਰ ਕੀਤੇ। ਜ਼ਖ਼ਮੀ ਹਾਲਤ ਵਿਚ ਵਿਕਾਸ ਹੇਠਾਂ ਡਿੱਗ ਪਿਆ ਤੇ ਦੂਜੇ ਮੁਲਾਜ਼ਮ ਉਸ ਦੀ ਚੀਕ-ਪੁਕਾਰ ਸੁਣ ਕੇ ਬਾਹਰ ਆ ਗਏ ਸਨ। ਇਸ ਮਗਰੋਂ ਹਮਲਾਵਰ ਮੌਕੇ ਤੋਂ ਖਿਸਕ ਗਿਆ ਸੀ।

ਸੌਰਭ ਨੇ ਦੱਸਿਆ ਕਿ ਡੇਢ ਸਾਲ ਪਹਿਲਾਂ ਕਰਿੰਦੇ ਵਿਕਾਸ ਦਾ ਵਿਆਹ ਹੋਇਆ ਸੀ। ਉਹ ਇੱਥੇ ਇਕੱਲਾ ਰਹਿੰਦਾ ਸੀ ਜਦਕਿ ਪਤਨੀ ਮਾਪਿਆਂ ਦੇ ਕੋਲ ਰਹਿੰਦੀ ਸੀ। ਇਸ ਬਾਰੇ ਥਾਣਾ ਤ੍ਰਿਪੜੀ ਦੇ ਇੰਚਾਰਜ ਕਰਨਵੀਰ ਨੇ ਦੱਸਿਆ ਕਿ ਪੁਲਿਸ ਪਰਿਵਾਰਕ ਮੈਂਬਰਾ ਦੇ ਬਿਆਨ ਦਰਜ ਕਰ ਕੇ ਪੜਤਾਲ ਅੱਗੇ ਵਧਾ ਰਹੀ ਹੈ।

Posted By: Sandip Kaur