ਹਰਜੀਤ ਸਿੰਘ ਨਿੱਝਰ, ਬਹਾਦਰਗੜ੍ਹ

ਥਾਣਾ ਸਦਰ ਦੀ ਪੁਲਿਸ ਨੇ ਚੈਕਿੰਗ ਦੌਰਾਨ ਗੱਡੀ 'ਚੋਂ 60 ਪੇਟੀਆਂ (720 ਬੋਤਲਾਂ) ਸ਼ਰਾਬ ਬਰਾਮਦ ਕੀਤੀ ਹੈ। ਐਸਐਚਓ ਪਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਪੁਲਿਸ ਵਲੋਂ ਰਾਤਰੀ ਨਾਕਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਟਾਟਾ 407 ਗੱਡੀ ਨੰਬਰ ਐਚਆਰ 69 ਬੀ 1667 ਨੂੰ ਜਦੋਂ ਰੋਕ ਕੇ ਚੈਕ ਕੀਤਾ ਗਿਆ ਤਾਂ ਉਸ 'ਚੋਂ 60 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਦੀਆਂ ਬਰਾਮਦ ਹੋਈਆਂ। ਪੁਲਿਸ ਨੇ ਗੱਡੀ ਨੂੰ ਕਬਜੇ 'ਚ ਲੈ ਕੇ ਕਥਿਤ ਦੋਸ਼ੀ ਧਰਮਿੰਦਰ ਸਿੰਘ ਉਰਫ ਘੋੜਾ ਵਾਸੀ ਪਿੰਡ ਰਾਇਪੁਰ ਮੰਡਲਾਂ ਜਿਲਾ ਪਟਿਆਲਾ ਨੂੰ ਗਿ੍ਫਤਾਰ ਕਰ ਲਿਆ ਹੈ। ਕਥਿਤ ਦੋਸ਼ੀ ਖਿਲਾਫ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ। ਇਸੇ ਤਰ੍ਹਾਂ ਪੁਲਿਸ ਨੇ ਗੁੱਪਤ ਸੂਚਨਾ ਦੇ ਅਧਾਰ 'ਤੇ ਛਾਪਾਮਾਰੀ ਦੌਰਾਨ ਇਥੋਂ ਦੇ ਗੁਰੂ ਨਾਨਕ ਨਗਰ 'ਚ ਇੱਕ ਘਰ 'ਚੋਂ 60 ਲੀਟਰ ਲਾਹਣ ਅਤੇ 5 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਪੁਲਿਸ ਚੌਂਕੀ ਬਹਾਦਰਗੜ੍ਹ ਦੇ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਏਐਸਆਈ ਨਿਰਮਲ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਜਦੋਂ ਬਹਾਦਰਗੜ੍ਹ ਪੁੱਲ ਹੇਠ ਮੌਜੂਦ ਸੀ ਤਾਂ ਪੁਲਿਸ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਲਖਵਿੰਦਰ ਸਿੰਘ ਵਾਸੀ ਗੁਰੂ ਨਾਨਕ ਨਗਰ ਬਹਾਦਰਗੜ੍ਹ ਵਲੋਂ ਘਰ 'ਚ ਨਾਜਾਇਜ਼ ਸ਼ਰਾਬ ਦਾ ਧੰਦਾ ਕੀਤਾ ਜਾਂਦਾ ਹੈ। ਪੁਲਿਸ ਨੇ ਕਥਿਤ ਦੋਸ਼ੀ ਦੇ ਘਰ ਰੇਡ ਕੀਤੀ ਤਾਂ ਉਥੋਂ 60 ਲੀਟਰ ਲਾਹਣ, 5 ਬੋਤਲਾਂ ਨਾਜਾਇਜ਼ ਸ਼ਰਾਬ ਅਤੇ ਭੱਠੀ ਦਾ ਸਮਾਨ ਬਾਰਾਮਦ ਹੋਇਆ। ਪੁਲਿਸ ਵਲੋਂ ਕਥਿਤ ਦੋਸ਼ੀ ਖਿਲਾਫ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।