ਗੁਲਸ਼ਨ ਸ਼ਰਮਾ, ਪਟਿਆਲਾ

ਵਿਆਹੁਤਾ ਨੇ ਸਹੁਰੇ ਪਰਿਵਾਰ 'ਤੇ ਦਾਜ ਲਈ ਪਰੇਸ਼ਾਨ ਕਰਨ ਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਹਨ। ਪਟਿਆਲਾ ਮੀਡੀਆ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰਰੀਤ ਕੌਰ ਨੇ ਦੱਸਿਆ ਕਿ ਉਸਦਾ ਵਿਆਹ 27 ਜੂਨ 2017 ਨੂੰ ਸੰਗਰੂਰ ਦੇ ਪਿੰਡ ਖੇੜੀ ਗਿੱਲਾਂ ਦੇ ਸੰਦੀਪ ਸਿੰਘ ਨਾਲ ਹੋਇਆ ਸੀ।

ਮਨਪ੍ਰਰੀਤ ਕੌਰ ਨੇ ਅੱਗੇ ਦੱਸਿਆ ਕਿ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਉਸ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਘੱਟ ਦਾਜ ਲਿਆਉਣ, ਮਿਲਣੀਆਂ ਸਮੇਂ ਮੁੰਦਰੀਆਂ ਨਾ ਪਾਉਣ ਤੇ ਨਵੀਂ ਕਾਰ ਦੀ ਮੰਗ ਕਰ ਕੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦੀ ਕੁੱਟਮਾਰ ਕੀਤੀ ਗਈ। ਮਨਪ੍ਰਰੀਤ ਕੌਰ ਮੁਤਾਬਕ ਜਦੋਂ ਇਸ ਘਟਨਾ ਬਾਰੇ ਉਸਦੇ ਪਿਤਾ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਤੇ ਬਾਅਦ 'ਚ ਉਸ ਦੇ ਪਿਤਾ ਦੀ ਹਾਲਤ ਗੰਭੀਰ ਹੋਣ ਮਗਰੋਂ ਜੁਲਾਈ 2017 'ਚ ਮੌਤ ਹੋ ਗਈ। ਮਨਪ੍ਰਰੀਤ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਉਸਦੇ ਸਹੁਰੇ ਪਰਿਵਾਰ ਨੇ ਉਸ ਨੂੰ ਪਰੇਸ਼ਾਨ ਕਰਨ ਦਾ ਦੁੱਖ ਨਾ ਸਹਾਰਦਿਆਂ ਉਸ ਦੇ ਪਿਤਾ ਦੀ ਮੌਤ ਹੋਈ ਹੈ। ਮਨਪ੍ਰਰੀਤ ਮੁਤਾਬਕ ਉਸ ਨੇ ਸਹੁਰੇ ਘਰ ਵਸਣ ਦੀ ਨੀਅਤ ਨਾਲ ਸਹੁਰੇ ਪਰਿਵਾਰ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਵਾਈ ਸੀ। ਉਸ ਦਾ ਕਹਿਣਾ ਹੈ ਕਿ ਅਖੀਰ ਬਹੁਤ ਜ਼ਿਆਦਾ ਪਰੇਸ਼ਾਨ ਹੋਣ ਉਪਰੰਤ ਉਸ ਨੇ ਉੱਚ ਅਧਿਕਾਰੀਆਂ ਪਾਸੋਂ ਇਨਸਾਫ ਦੀ ਗੁਹਾਰ ਲਗਾਈ ਸੀ ਪਰ ਉਸ ਦਾ ਪਤੀ ਪੰਜਾਬ ਪੁਲਿਸ ਵਿਚ ਕਾਂਸਟੇਬਲ ਹੈ ਤੇ ਕਿਸੇ ਸਿਆਸਤਦਾਨ ਨਾਲ ਡਿਊਟੀ ਹੋਣ ਕਰ ਕੇ ਉਸ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ।