ਐੱਚਐੱਸ ਸੈਣੀ, ਰਾਜਪੁਰਾ

ਰਾਜਪੁਰਾ-ਚੰਡੀਗੜ੍ਹ ਰੋਡ 'ਤੇ ਥਾਣਾ ਸਿਟੀ ਅਧੀਨ ਪੈਂਦੀ ਬੱਸ ਸਟੈਂਡ ਚੌਂਕੀ ਪੁਲਿਸ ਅਤੇ ਐਕਸਾਇਜ਼ ਵਿਭਾਗ ਦੀ ਟੀਮ ਵੱਲੋਂ ਨਾਕੇਬੰਦੀ ਦੌਰਾਨ ਇਕ ਟਰੱਕ ਵਿਚੋਂ 145 ਪੇਟੀਆਂ ਨਾਜਾਇਜ਼ ਤੌਰ 'ਤੇ ਲਿਜਾਂਦੀ ਜਾ ਰਹੀ ਦੇਸੀ ਸ਼ਰਾਬ ਨੂੰ ਬਰਾਮਦ ਕੀਤਾ ਗਿਆ ਜਦ ਕਿ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਇੰਚਾਰਜ ਇੰਸਪੈਕਟਰ ਸੁਰਿੰਦਰਪਾਲ ਸਿੰਘ ਅਤੇ ਪੁਲਿਸ ਚੌਂਕੀ ਬੱਸ ਸਟੈਂਡ ਜ਼ਸਕੰਵਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਚੰਡੀਗੜ੍ਹ ਵਾਲੇ ਪਾਸਿਓਂ ਇਕ ਟਰੱਕ ਰਾਹੀਂ ਨਾਜਾਇਜ਼ ਤੌਰ 'ਤੇ ਸ਼ਰਾਬ ਰਾਜਪੁਰਾ ਵੱਲ ਲਿਆਂਦੀ ਜਾ ਰਹੀ ਹੈ, ਜਿਸ 'ਤੇ ਸਹਾਇਕ ਥਾਣੇਦਾਰ ਨਰਿੰਦਰ ਸਿੰਘ, ਆਬਕਾਰੀ ਵਿਭਾਗ ਦੇ ਸਰਕਲ ਰਾਜਪੁਰਾ ਦੇ ਇੰਸਪੈਕਟਰ ਸੁਰਜੀਤ ਸਿੰਘ ਿਢਲੋਂ ਅਤੇ ਇੰਸਪੈਕਟਰ ਜਗਦੇਵ ਸਿੰਘ ਨੇ ਪੁਲਿਸ ਪਾਰਟੀ ਸਮੇਤ ਰਾਜਪੁਰਾ-ਚੰਡੀਗੜ੍ਹ ਰੋਡੇ ਸ਼ਾਮਦੂ ਮੋੜ ਨੇੜੇ ਨਾਕਾਬੰਦੀ ਕਰਕੇ ਚੰਡੀਗੜ੍ਹ ਵਾਲੇ ਪਾਸਿਓਂ ਆ ਰਹੇ ਇਕ ਟਰੱਕ ਨੂੰ ਰੋਕਣਾ ਚਾਹਿਆ ਤਾਂ ਉਸ ਦਾ ਚਾਲਕ ਅਤੇ ਸ਼ਰਾਬ ਤਸਕਰ ਪੁਲਿਸ ਪਾਰਟੀ ਨੂੰ ਦੇਖ ਕੇ ਨਾਕੇ ਤੋਂ ਪਹਿਲਾਂ ਹੀ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਜਿਸ 'ਤੇ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਜਦੋਂ ਟਰੱਕ ਦੀ ਤਲਾਸ਼ੀ ਲਈ ਤਾਂ ਟਰੱਕ ਵਿਚੋਂ ਚੰਡੀਗੜ੍ਹ ਵਿੱਚ ਵਿਕਣਯੋਗ 145 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ, ਜਿਸ 'ਤੇ ਪੁਲਿਸ ਨੇ ਟਰੱਕ ਸਮੇਤ ਸ਼ਰਾਬ ਨੂੰ ਆਪਣੇ ਕਬਜ਼ੇ ਵਿਚ ਕਰਕੇ ਅਣਪਛਾਤੇ ਸ਼ਰਾਬ ਤਸਕਰਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।