ਪੱਤਰ ਪ੍ਰਰੇਰਕ, ਨਾਭਾ : ਪਿਛਲੇ ਦਿਨਾਂ ਤੋਂ ਹੋ ਰਹੀ ਬਰਸਾਤ ਕਾਰਨ ਸੂਬੇ ਦੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ, ਜਿਸ ਪ੍ਰਤੀ ਸਰਕਾਰ ਵਲੋਂ ਪੀੜ੍ਹਤ ਕਿਸਾਨਾਂ ਲਈ ਕੋਈ ਵੀ ਐਲਾਨ ਨਹੀਂ ਕੀਤਾ ਗਿਆ। ਇਸ ਨੂੰ ਲੈ ਕੇ ਅੱਜ ਅਕਾਲੀ ਦਲ ਸੁਤੰਤਰ ਵੱਲੋਂ ਪੰਜਾਬ ਸਰਕਾਰ ਨੂੰ ਜਗਾਉਣ ਲਈ ਸਥਾਨਕ ਪਟਿਆਲਾ ਗੇਟ ਵਿਖੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ ਵਿੱਚ ਧਰਨਾ ਲਗਾਇਆ ਗਿਆ। ਧਰਨੇ ਦੌਰਾਨ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ ਗਈ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸਹੌਲੀ ਨੇ ਕਿਹਾ ਕਿ ਸਮਾਂ ਰਹਿੰਦਿਆਂ ਬਰਸਾਤੀ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਕਿਸਾਨਾਂ ਨੂੰ ਮਾਰ ਪਈ ਹੈ, ਜਿਸ ਕਰਕੇ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਿਲ੍ਹਾ ਅਤੇ ਤਹਿਸੀਲ ਪੱਧਰ ਦੇ ਅਧਿਕਾਰੀਆਂ ਨੂੰ ਤੁਰੰਤ ਗਿਰਦਾਵਰੀ ਕਰਨ ਦੇ ਹੁਕਮ ਦੇਵੇ ਅਤੇ ਕਿਸਾਨਾਂ ਨੂੰ ਤੁਰੰਤ ਮੁਆਵਜਾ ਰਾਸ਼ੀ ਦਾ ਐਲਾਨ ਕਰੇ ਤਾਂ ਜੋ ਅਸਮਾਨ ਛੂੰਹਦੀ ਮਹਿੰਗਾਈ ਵਿੱਚ ਕਿਸਾਨ ਆਪਣੇ ਪਰਿਵਾਰਾਂ ਦਾ ਪਾਲਣ ਪੋਸਣ ਸਹੀ ਤਰੀਕੇ ਨਾਲ ਕਰ ਸਕਣ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਬਰਸਾਤਾਂ ਦੇ ਮੱਦੇਨਜਰ ਸੇਮ ਨਾਲਿਆਂ ਅਤੇ ਬਰਸਾਤੀ ਚੋਇਆਂ ਦੀ ਸਫਾਈ ਪਹਿਲਾਂ ਤੋਂ ਹੀ ਕਰਵਾਵੇ ਤਾਂ ਜੋ ਮੀਂਹ ਦਾ ਪਾਣੀ ਸਹੀ ਤਰੀਕੇ ਨਾਲ ਲੰਘ ਸਕੇ ਅਤੇ ਫਸਲਾਂ ਨੁਕਸਾਨ ਤੋਂ ਬਚ ਸਕਣ। ਅੱਜ ਦੇ ਧਰਨੇ ਵਿਚ ਹਰਬੰਸ ਸਿੰਘ ਖੱਟੜਾ, ਸੁਰਜੀਤ ਸਿੰਘ ਬਾਬਰਪੁਰ, ਹਰਬੰਸ ਸਿੰਘ ਖੇੜੀ ਮੁਸਲਮਾਨਾ, ਗੁਲਜਾਰ ਸਿੰਘ ਮਟੌਰੜਾ, ਸਤਿਗੁਰ ਸਿੰਘ ਭੋੜੇ ਆਦਿ ਮੌਜੂਦ ਸਨ।