v> ਨਾਭਾ, ਜਗਨਾਰ ਸਿੰਘ ਦੁਲੱਦੀ : ਪੰਜਾਬ ਅੰਦਰ ਲੱਗ ਰਹੇ ਬਿਜਲੀ ਦੇ ਕੱਟਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬ) ਤੇ ਬਸਪਾ ਦੀ ਹਾਈ ਕਮਾਂਡ ਵੱਲੋਂ ਦਿੱਤੇ ਨਿਰਦੇਸ਼ ਤਹਿਤ ਅੱਜ ਸਥਾਨਕ ਐਸਡੀਐਮ ਦਫ਼ਤਰ ਦੇ ਬਾਹਰ ਅਕਾਲੀ-ਬਸਪਾ ਦੇ ਵਰਕਰਾਂ ਵੱਲੋਂ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਦੀ ਅਗਵਾਈ 'ਚ ਧਰਨਾ ਲਗਾਇਆ ਗਿਆ, ਜਿਸ 'ਚ ਵੱਡੀ ਗਿਣਤੀ 'ਚ ਵਰਕਰਾਂ ਨੇ ਸ਼ਮੂਲੀਅਤ ਕਰਕੇ ਸੂਬੇ ਦੀ ਕਾਂਗਰਸ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਤੇ ਬਸਪਾ ਆਗੂ ਅਮਰ ਸਿੰਘ ਟੋਡਰਵਾਲ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਤ ਹੋਈ ਹੈ ਕਿਉਂ ਜੋ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿੰਨੇ ਵੀ ਪੰਜਾਬ ਦੀ ਜਨਤਾ ਨਾਲ ਵਾਅਦੇ ਕੀਤੇ ਸਨ ਉਨ੍ਹਾਂ 'ਚੋਂ ਇਕ ਵੀ ਵਾਅਦਾ ਪੂਰਾ ਨਹੀਂ ਹੋਇਆ ਜਿਸ ਕਰਕੇ ਲੋਕ ਤਰਾਹ-ਤਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਥੇ ਦੇਸ਼ ਦਾ ਅੰਨਦਾਤਾ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਹੱਕੀ ਮੰਗਾਂ ਲਈ ਧਰਨਾ ਦੇ ਰਿਹਾ ਹੈ, ਉੱਥੇ ਪੰਜਾਬ ਸਰਕਾਰ ਨੇ ਵੀ ਕਿਸਾਨ ਦੀ ਮਦਦ ਕਰਨ ਤੋਂ ਹੱਥ ਪਿੱਛੇ ਖਿੱਚ ਰਹੇ ਹਨ ਜਿਸ ਕਰਕੇ ਉਹ ਬੀਜੀ ਝੋਨੇ ਦੀ ਫਸਲ ਨੂੰ ਬਿਜਲੀ ਨਾ ਆਉਣ ਕਾਰਨ ਵਾਹੁਣ ਲਈ ਮਜਬੂਰ ਹੋ ਰਿਹਾ ਹੈ। ਜਿਸ ਲਈ ਇਸ ਦੀ ਜ਼ਿੰਮੇਵਾਰ ਪੰਜਾਬ ਦੀ ਕੈਪਟਨ ਸਰਕਾਰ ਹੈ ਕਿਉਂ ਜੋ ਬਿਜਲੀ ਦਾ ਪ੍ਰਬੰਧ ਕਰਨਾ ਸੂਬਾ ਸਰਕਾਰ ਦਾ ਕੰਮ ਹੈ। ਬਾਬੂ ਕਬੀਰ ਦਾਸ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਸਹੂਲਤਾਂ ਤਾਂ ਕੀ ਦੇਣੀਆਂ ਸਨ ਸਗੋਂ ਪਿਛਲੀ ਅਕਾਲੀ ਦਲ ਦੀ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਵੀ ਬੰਦ ਕਰਕੇ ਰੱਖ ਦਿੱਤਾ ਹੈ, ਜਿਸ ਕਰਕੇ ਸੂਬੇ ਦੇ ਲੋਕਾਂ ਨੇ ਕਾਂਗਰਸ ਸਰਕਾਰ ਨੂੰ ਦੋ ਹਜ਼ਾਰ ਬਾਈ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਚਲਦਾ ਕਰਨ ਲਈ ਹੁਣੇ ਤੋਂ ਮਨ ਬਣਾ ਲਿਆ ਹੈ। ਵਿਕਾਸ ਦੇ ਮੁੱਦੇ 'ਤੇ ਬੋਲਦਿਆਂ ਬਾਬੂ ਕਬੀਰ ਦਾਸ ਨੇ ਕਿਹਾ ਕਿ ਜੋ ਵਿਕਾਸ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ 'ਚ ਸੂਬੇ ਦਾ ਹੋਇਆ ਹੈ ਉਹ ਅੱਜ ਤਕ ਕਿਸੇ ਵੀ ਸਰਕਾਰ ਵੇਲੇ ਨਹੀਂ ਹੋਇਆ ਇਸ ਕਰਕੇ ਜੋ ਮੌਜੂਦਾ ਕਾਂਗਰਸ ਸਰਕਾਰ ਵਿਕਾਸ ਦਾ ਢੰਡੋਰਾ ਪਿੱਟ ਰਹੀ ਹੈ। ਇਸ ਨੂੰ ਪੰਜਾਬ ਵਾਸੀ ਚੰਗੀ ਤਰ੍ਹਾਂ ਜਾਣਦੇ ਹਨ ਕੀ ਇਹ ਵਿਕਾਸ ਤਾਂ ਸਿਰਫ਼ ਕਾਗਜ਼ਾਂ 'ਚ ਹੀ ਹੋਇਆ ਹੈ, ਜਦੋਂ ਕਿ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਅੱਜ ਦੇ ਧਰਨੇ 'ਚ ਯੂਥ ਆਗੂ ਬਿਕਰਮ ਸਿੰਘ ਚੌਹਾਨ, ਸਾਬਕਾ ਪ੍ਰਧਾਨ ਗੁਰਸੇਵਕ ਸਿੰਘ ਗੋਲੂ, ਸ਼ਹਿਰੀ ਪ੍ਰਧਾਨ ਯੂਥ ਅਕਾਲੀ ਦਲ ਸੰਦੀਪ ਸਿੰਘ ਹਿੰਦ ਕੰਬਾਇਨ, ਰਵਿੰਦਰ ਸ਼ਰਮਾ ਸਾਬਕਾ ਪ੍ਰਧਾਨ, ਸਾਬਕਾ ਪ੍ਰਧਾਨ ਬੱਬੂ ਭਾਦਸੋਂ, ਸੁਖਜੀਤ ਸਿੰਘ ਸੋਨੀ ਚੌਧਰੀਮਾਜਰਾ, ਹੰਸ ਰਾਜ ਮੈਹਮੀ, ਅਨਿਲ ਗੁਪਤਾ ਪ੍ਰਧਾਨ ਵਪਾਰ ਮੰਡਲ, ਦਿਹਾਤੀ ਪ੍ਰਧਾਨ ਗੁਰਮੀਤ ਸਿੰਘ ਕੋਟ, ਅਸ਼ਵਨੀ ਚੋਪੜਾ, ਕੌਂਸਲਰ ਹਰਪ੍ਰੀਤ ਸਿੰਘ ਪ੍ਰੀਤ, ਜਥੇਦਾਰ ਬਲਤੇਜ ਸਿੰਘ ਖੋਖ, ਯੂਥ ਆਗੂ ਜੱਸਾ ਖੋਖ, ਧਰਮ ਸਿੰਘ ਧਾਰੋਕੀ ਸਾਬਕਾ ਚੇਅਰਮੈਨ, ਜੱਸਾ ਦੁਲੱਦੀ,ਅੰਮ੍ਰਿਤਪਾਲ ਸਿੰਘ ਚੌਹਾਨ,ਦਰਬਾਰਾ ਸਿੰਘ ਖੱਟਡ਼ਾ, ਰਣਜੀਤ ਸਿੰਘ ਪੂਨੀਆ, ਸੋਨੂੰ ਸੂਦ ਭਾਦਸੋਂ, ਹਰਸਿਮਰਨ ਸਿੰਘ ਸਾਹਨੀ, ਸੁਖਵਿੰਦਰ ਸਿੰਘ ਵਿਰਕ,ਕੁਲਵੰਤ ਸਿੰਘ ਸੁੱਖੇਵਾਲ, ਸੁਖਵਿੰਦਰ ਸਿੰਘ ਗਦਾਇਆ,ਮੋਹਨ ਸਿੰਘ ਰਾਮਗੜ੍ਹ, ਠੇਕੇਦਾਰ ਕਰਾਂਤੀ, ਭਾਈ ਗੁਰਦੀਪ ਸਿੰਘ ਖਾਲਸਾ, ਸਾਬਕਾ ਸਰਪੰਚ ਟਹਿਲ ਸਿੰਘ ਛੀਟਾਂਵਾਲਾ ਆਦਿ ਅਕਾਲੀ-ਬਸਪਾ ਵਰਕਰ ਮੌਜੂਦ ਸਨ।

Posted By: Sarabjeet Kaur