ਪਟਿਆਲਾ : ਪਟਿਆਲਾ ਦੀ ਜੇਲ੍ਹ 'ਚ ਔਰਤ ਨਾਲ ਜਬਰ–ਜਨਾਹ ਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਫਸੇ ਏਆਈਜੀ ਵਿਜੀਲੈਂਸ ਆਸ਼ੀਸ਼ ਕਪੂਰ ਦੀ ਗ੍ਰਿਫ਼ਤਾਰੀ ਤਾਂ ਭਾਵੇਂ ਟਲ਼ ਗਈ ਹੈ ਪਰ ਪੰਜਾਬ ਦੇ ਡੀਜੀਪੀ ਸ੍ਰੀ ਦਿਨਕਰ ਗੁਪਤਾ ਨੇ ਇਸ ਏਆਈਜੀ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਰਿਪੋਰਟ ਤਲਬ ਕਰ ਲਈ ਹੈ। ਇਸ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਉਹ ਅੱਗੇ ਕਾਰਵਾਈ ਦੇ ਹੁਕਮ ਜਾਰੀ ਕਰਨਗੇ। ਪੰਜਾਬ ਪੁਲਿਸ ਦੀ ਸੰਗਠਤ ਕ੍ਰਾਈਮ ਕੰਟਰੋਲ ਯੂਨਿਟ (ਓਸੀਸੀਯੂ) ਵੱਲੋਂ ਏਆਈਜੀ ਉੱਤੇ ਲੱਗੇ ਦੋਸ਼ਾਂ ਦੀ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਜਬਰ–ਜਨਾਹ ਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਮੁਲਜ਼ਮ ਬਣਾਏ ਜਾਣ ਤੋਂ ਬਾਅਦ ਆਸ਼ੀਸ਼ ਕਪੂਰ ਨੇ ਸੂਬੇ ਦੇ ਮੁੱਖ ਮੰਤਰੀ, ਮੁੱਖ ਸਕੱਤਰ, ਡੀਜੀਪੀ ਤੇ ਹੋਰ ਉੱਚ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਸਫ਼ਾਈ ਦਿੱਤੀ ਸੀ ਕਿ ਉਹ ਨਿਰਦੋਸ਼ ਹਨ ਤੇ ਉਨ੍ਹਾਂ ਨੂੰ ਗ਼ਲਤ ਤਰੀਕੇ ਫਸਾਇਆ ਜਾ ਰਿਹਾ ਹੈ।

ਆਸ਼ੀਸ਼ ਕਪੂਰ ਦਾ ਇਹ ਵੀ ਕਹਿਣਾ ਹੈ ਕਿ ਇੱਕ ਅਜਿਹੀ ਔਰਤ ਦੀ ਸ਼ਿਕਾਇਤ ਉੱਤੇ ਉਨ੍ਹਾਂ ਨੂੰ ਮੁਲਜ਼ਮ ਬਣਾ ਦਿੱਤਾ ਗਿਆ ਹੈ, ਜਿਸ ਦਾ ਆਪਣਾ ਰਿਕਾਰਡ ਅਪਰਾਧਕ ਰਿਹਾ ਹੈ। ਉਸ ਔਰਤ ਵਿਰੁੱਧ ਕਈ ਮਾਮਲੇ ਦਰਜ ਹਨ ਤੇ ਕਈ ਮਾਮਲਿਆਂ ਵਿੱਚ ਅਦਾਲਤ ਵੱਲੋਂ ਉਸ ਨੂੰ ਸਜ਼ਾ ਵੀ ਸੁਣਾਈ ਜਾ ਚੁੱਕੀ ਹੈ।

ਇਸ ਦੇ ਨਾਲ ਹੀ ਆਸ਼ੀਸ਼ ਕਪੂਰ ਨੇ ਆਪਣੀ ਚਿੱਠੀ ਵਿੱਚ ਓਸੀਸੀਯੂ ਦੇ ਮੁਖੀ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਉੱਤੇ ਵੀ ਉਂਗਲ਼ ਉਠਾਉਂਦਿਆਂ ਦੋਸ਼ ਲਾਇਆ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਉਨ੍ਹਾਂ ਨੂੰ ਇਨ੍ਹਾਂ ਮਾਮਲਿਆਂ ਵਿੱਚ ਫਸਾਉਣਾ ਚਾਹੁੰਦੇ ਹਨ। ਇਸ ਲਈ ਸਾਰੇ ਮਾਮਲੇ ਦੀ ਜਾਂਚ ਕਿਸੇ ਹੋਰ ਅਧਿਕਾਰੀ ਹਵਾਲੇ ਕੀਤੀ ਜਾਵੇ। ਇਸੇ ਲਈ ਡੀਜੀਪੀ ਦਿਨਕਰ ਗੁਪਤਾ ਨੇ ਜਾਂਚ ਦੀ ਮੁਕੰਮਲ ਰਿਪੋਰਟ ਤਲਬ ਕਰ ਲਈ ਹੈ।

Posted By: Jagjit Singh