ਨਵਦੀਪ ਢੀਂਗਰਾ, ਪਟਿਆਲਾ : ਪੱਕੀ ਨੌਕਰੀ ਦੀ ਮੰਗ ਕਰ ਰਹੀਆਂ ਨਰਸਾਂ ਦਾ ਰੋਹ ਸੱਤਵੇਂ ਦਿਨ ਹੋਰ ਭੱਖ ਗਿਆ ਹੈ। ਮੰਗਲਵਾਰ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਦੀ ਓਪੀਡੀ ਅਤੇ ਪੰਜ ਆਪ੍ਰੇਸ਼ਨ ਥੀਏਟਰ ਬੰਦ ਰਹੇ ਜਿਸ ਕਾਰਨ ਸਰਕਾਰੀ ਹਸਪਤਾਲ ਵਿਚ ਸਿਹਤ ਸਹੂਲਤਾਂ ਪੂਰੀ ਤਰ੍ਹਾਂ ਪ੍ਰਭਾਵਿਤ ਰਹੀਆਂ ਹਾਲਾਂਕਿ ਹਸਪਤਾਲ ਪ੍ਰਸ਼ਾਸਨ ਵੱਲੋਂ ਲੋੜਵੰਦ ਮਰੀਜ਼ਾਂ ਦਾ ਇਲਾਜ ਐਮਰਜੈਂਸੀ ਵਿਚ ਕਰਵਾਇਆ ਜਾ ਰਿਹਾ ਹੈ। ਦੂਸਰੇ ਪਾਸੇ ਮੰਗ ਨੂੰ ਲੈ ਕੇ ਛੱਤ 'ਤੇ ਬੈਠੀ ਕਰਮਜੀਤ ਔਲਖ ਦੀ ਭੁੱਖ ਹੜਤਾਲ ਅੱਜ ਛੇਵੇਂ ਦਿਨ ਵਿਚ ਦਾਖ਼ਲ ਹੋ ਗਈ ਹੈ ਜਦਕਿ ਉਨ੍ਹਾਂ ਦੇ ਸਾਥੀਆਂ ਵੱਲੋਂ ਸ਼ਹਿਰ ਦੇ ਸੰਗਰੂਰ ਰੋਡ 'ਤੇ ਧਰਨਾ ਲਾ ਦਿੱਤਾ ਗਿਆ ਹੈ। ਚੌਕ ਵਿਚ ਲੱਗੇ ਧਰਨੇ ਕਾਰਨ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ।

ਜਾਣਕਾਰੀ ਅਨੁਸਾਰ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਨਰਸਿੰਗ ਸਟਾਫ਼ ਨੂੰ ਬੀਤੇ ਦਿਨ ਚੰਡੀਗੜ੍ਹ ਮੀਟਿੰਗ ਲਈ ਬੁਲਾਇਆ ਗਿਆ ਸੀ। ਯੂਨੀਅਨ ਦਾ ਵਫ਼ਦ ਪੂਰਾ ਦਿਨ ਚੰਡੀਗੜ੍ਹ ਬੈਠ ਕੇ ਬੇਰੰਗ ਵਾਪਸ ਪਰਤ ਆਇਆ ਜਿਸ ਤੋਂ ਭੜਕੇ ਨਰਸਿੰਗ ਸਟਾਫ਼ ਵੱਲੋਂ ਹਸਪਤਾਲ ਦੇ ਆਪ੍ਰੇਸ਼ਨ ਥੀਏਟਰਾਂ ਨੂੰ ਤਾਲੇ ਲਾ ਦਿੱਤੇ ਗਏ। ਬੀਤੀ ਸ਼ਾਮ ਤੋਂ ਹੀ ਹਸਪਤਾਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਸਨ ਪਰ ਕੋਈ ਹੱਲ ਨਾ ਨਿਕਲਣ 'ਤੇ ਅੱਜ ਉਨ੍ਹਾਂ ਦਾ ਗੁੱਸਾ ਹੋਰ ਭੜਕ ਗਿਆ।

Posted By: Seema Anand