ਨਵਦੀਪ ਢੀਂਗਰਾ, ਪਟਿਆਲਾ : ਨਗਰ ਨਿਗਮ ਵਲੋਂ ਡੇਅਰੀ ਪ੍ਰਰਾਜੈਕਟ ਤਹਿਤ ਪਹਿਲੇ ਪੜਾਅ ਦਾ ਕੰਮ ਪੂਰਾ ਕਰ ਲਿਆ ਹੈ ਤੇ ਦੂਸਰੇ ਪਾਸੇ ਡੇਅਰੀ ਮਾਲਕਾਂ ਵਲੋਂ ਇਸ ਪ੍ਰਰਾਜੈਕਟ ਨੂੰ ਰਿਜੈਕਟ ਕਰਦਿਆਂ ਅਬਲੋਵਾਲ ਵਿਖੇ ਪਲਾਟ ਲੈਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਨਗਰ ਨਿਗਮ ਵੱਲੋਂ ਸ਼ਹਿਰ ਦੇ ਡੇਅਰੀ ਮਾਲਕਾਂ ਨੂੰ ਜਿਹੜੇ ਅਲਾਟਮੈਂਟ ਆਰਡਰ ਜਾਰੀ ਕਰਨੇ ਸਨ ਉਨ੍ਹਾਂ ਦਾ ਡੇਅਰੀ ਫਾਰਮਰ ਯੂਨੀਅਨ ਪਟਿਆਲਾ ਨੇ ਬਾਈਕਾਟ ਕਰ ਦਿੱਤਾ ਅਤੇ ਡੇਅਰੀ ਪ੍ਰਰਾਜੈਕਟ ਅਬਲੋਵਾਲ ਵਿਖੇ ਪਹੁੰਚ ਕੇ ਮੁੱਖ ਮੰਤਰੀ ਤੇ ਮੇਅਰ ਖਿਲਾਫ ਨਾਅਰੇਬਾਜ਼ੀ ਕੀਤੀ।

ਰੋਸ ਪ੍ਰਦਰਸ਼ਨ ਵਿਚ ਸ਼ਾਮਲ ਡੇਅਰੀ ਯੂਨੀਅਨ ਪ੍ਰਧਾਨ ਸੁਖਬੀਰ ਸਿੰਘ, ਮੀਤ ਪ੍ਰਧਾਨ ਕਿਰਪਾਲ ਸਿੰਘ, ਜਰਨਲ ਸਕੱਤਰ ਨਿਸ਼ਾਨ ਸਿੰਘ, ਜੁਆਇੰਟ ਸਕੱਤਰ ਅਵਤਾਰ ਸਿੰਘ, ਖਜਾਨਚੀ ਤੇਜਿੰਦਰਪਾਲ ਸਿੰਘ, ਪ੍ਰਰੈਸ ਸਕੱਤਰ ਕੁਲਵਿੰਦਰ ਸਿੰਘ, ਪ੍ਰਚਾਰ ਸਕੱਤਰ ਲਵਿੰਦਰ ਕੁਮਾਰ, ਜਨਰਲ ਸਕੱਤਰ ਜਗੀਰ ਸਿੰਘ ਤੇ ਬਿੰਦਰ ਸਿੰਘ ਨਿੱਕੂ ਨੇ ਦੱਸਿਆ ਕਿ ਨਗਰ ਨਿਗਮ ਉਨ੍ਹਾਂ ਦੇ ਕਾਰੋਬਾਰ ਖੋਹਣਾ ਚਾਹੁੰਦੀ ਹੈ। ਨਾ ਤਾਂ ਇਥੇ ਢੁੱਕਵੇਂ ਪ੍ਰਬੰਧ ਕੀਤੇ ਗਏ ਅਤੇ ਉਲਟਾ ਡੇਅਰੀ ਮਾਲਕਾਂ ਨੂੰ 3500 ਰੁਪਏ ਪ੍ਰਤੀ ਗਜ ਦੇ ਹਿਸਾਬ ਮਹਿੰਗੀ ਪਲਾਟ ਦਿੱਤੇ ਜਾ ਰਹੇ ਹਨ। ਜੋ ਕਿ ਜ਼ਿਆਦਾਤਰ ਪਸ਼ੂਪਾਲਕ ਦੇ ਨਹੀਂ ਸਕਦੇ। ਡੇਅਰ ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ 120 ਡੇਅਰੀ ਮਾਲਕਾਂ ਦਾ ਸਰਵੇ ਗਲਤ ਹੈ, ਕਿਉਂਕਿ ਡੇਅਰੀ ਮਾਲਕ 120 ਨਹੀਂ ਸਗੋਂ 500 ਤੋਂ ਜ਼ਿਆਦਾ ਹਨ ਅਤੇ ਪਲਾਟ 120 ਹੋਣ ਦੇ ਕਾਰਨ ਸਾਰੇ ਐਡਜਸਟ ਨਹੀਂ ਹੋ ਸਕਦੇ। ਦੂਜਾ ਮੌਜੂਦਾ ਸਮੇਂ ਸਥਿਤ ਡੇਅਰੀ ਦੇ ਦੋ ਕਿਲੋਮੀਟਰ ਦੇ ਅੰਦਰ ਪਲਾਟ ਅਲਾਟ ਕੀਤੇ ਜਾਣ, ਜਿਵੇ ਰਾਜਪੁਰਾ ਰੋਡ, ਭਾਦਸੋਂ ਰੋਡ, ਦੇਵੀਗੜ੍ਹ, ਸੰਗਰੂਰ ਰੋਡ ਆਦਿ ਵਿਖੇ ਨਵੇਂ ਪ੍ਰਰਾਜੈਕਟ ਬਣਾਏ ਜਾਣ। ਮੌਜੂਦਾ ਡੇਅਰੀ ਪ੍ਰਰਾਜੈਕਟ ਵਿਚੋਂ 66 ਕੇਵੀ ਦੀਆਂ ਤਾਰਾਂ ਲੰਘ ਰਹੀਆਂ ਹਨ, ਨਾ ਕੋਈ ਸੜਕ ਬਣਾਈ ਗਈ, ਨਾ ਵੈਨਟਰੀ ਹਸਪਤਾਲ, ਨਾ ਅਜੇ ਤਕ ਮਿਲਕ ਕੁਲੈਕਸ਼ਨ ਸੈਂਟਰ ਬਣਾਇਆ, ਨਾ ਬਾਇਉਗੈਸ ਪਲਾਟ ਲਗਾਇਆ, ਗਾਰਬੇਜ਼ ਕੁਲੈਕਸਨ ਦਾ ਕੋਈ ਪ੍ਰਬੰਧ, ਫੀਡ ਕੇਂਦਰ ਨਹੀਂ ਬਣਾਇਆ ਗਿਆ ਅਤੇ ਨਾ ਹੀ ਸ਼ਾਪਿੰਗ ਕੰਪਲੈਕਸ ਬਣਾਇਆ ਗਿਆ ਹੈ। ਪ੍ਰਦਰਸ਼ਨਕਾਰੀ ਨੇ ਮੰਗ ਕੀਤੀ ਕਿ ਸ਼ਹਿਰ ਵਿਚ ਹੁਣ ਜਿਹੜੇ 6 ਗਾਰਬੇਜ਼ ਕੰਪੈਕਟਰ ਬਣਾਏ ਗਏ ਹਨ, ਉਨ੍ਹਾਂ ਦੀ ਸੰਖਿਆ 20 ਕੀਤੀ ਜਾਵੇ ਤਾਂ ਉਨ੍ਹਾਂ ਨੂੰ ਬਾਹਰ ਭੇਜਣ ਦੀ ਜ਼ਰੂਰਤ ਹੀ ਨਹੀਂ ਰਹਿਣੀ। ਇਸ ਮੌਕੇ ਗੁਰਚਰਨ ਸਿੰਘ ਸੋਨੂੰ, ਸ਼ੰਮੀ ਿਢੱਲੋਂ, ਹਰਬੰਸ ਦਾਸ, ਨਰੇਸ਼ ਸ਼ਰਮਾ ਚੁੱਘਾ, ਜਤਿੰਦਰ ਦਾਸ,ਪਵਨ ਕੁਮਾਰ, ਗੋਲਡੀ ਪੰਡਤ, ਨੰਨੂ ਘਾਸ਼ ਮੰਡੀ, ਰਜਿੰਦਰ ਕੁਮਾਰ ਰਾਜੂ, ਪਾਲ ਸਿੰਘ, ਅਜੇ ਦੀਪ ਦੀਪਾ, ਛਣਕੂ, ਕੁਲਦੀਪ ਸਿੰਘ ਘੋਲੀ, ਸਨੀ ਸ਼ਾਹਨੀ, ਮਿੱਠ ਸੂਤਵੱਟਾਂ ਮੁਹੱਲਾ, ਲਖਵਿੰਦਰ ਸਿੰਘ ਸ਼ਾਹੀ ਸਮਾਧਾਂ, ਸਵੀਟੀ, ਅਮਨ ਸ਼ਰਮਾ, ਅਰਵਿੰਦਰ ਸਿੰਘ ਮੌਨੂੰ, ਦੀਪ ਰਾਜਪੂਤ, ਹਰਮਨ ਸੰਧੂ, ਅੰਗਰੇਜ਼ ਸਿੰਘ, ਅਨੁਜ ਕੁਮਾਰ, ਦੀਪੀ,ਹਰਜੀਤ ਸਿੰਘ ਜੀਤੀ, ਸ਼ਾਮ ਅਬਲੋਵਾਲ, ਬਲਜਿੰਦਰ ਜੈਲਦਾਰ, ਜਲੋਟਾ ਸ਼ੇਰਾਂਵਾਲਾ ਗੇਟ ਆਦਿ ਵਿਸ਼ੇਸ ਤੌਰ 'ਤੇ ਹਾਜ਼ਰ ਸਨ।

ਬਾਕਸ

ਮੇਅਰ ਦੀ ਕੁਰਸੀ 'ਤੇ ਬੈਠ ਕੇ ਬਦਲੇ ਬਿੱਟੂ : ਸ਼ਰਮਾ

ਅਕਾਸ਼ ਸ਼ਰਮਾ ਬਾਕਸਰ ਨੇ ਕਿਹਾ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਆਪਣਾ ਵਾਅਦਾ ਯਾਦ ਕਰਵਾਉਂਦਿਆਂ ਕਿਹਾ ਕਿ ਵਿਰੋਧੀ ਧਿਰ ਦਾ ਆਗੂ ਹੁੰਦਿਆਂ ਬਿੱਟੂ ਨੇ 500 ਰੁਪਏ ਪ੍ਰਤੀ ਗਜ ਪਲਾਟ ਦੇਣ ਦੀ ਨਗਰ ਨਿਗਮ ਤੋਂ ਮੰਗ ਕੀਤੀ ਅਤੇ ਇਹ ਮੰਗ ਵੀ ਮੇਅਰ ਬਿੱਟੂ ਦੀ ਹੀ ਸੀ ਕਿ ਇੱਕ ਥਾਂ ਦੀ ਬਜਾਏ ਮੌਜੂਦਾ ਸਮੇਂ ਵਿਚ ਸਥਿਤ ਡੇਅਰੀਆਂ ਦੇ ਨੇੜੇ ਪਲਾਟ ਅਲਾਟ ਕੀਤੇ ਜਾਣ। ਪਰ ਕੁਰਸੀ 'ਤੇ ਬੈਠਦੇ ਹੀ ਜਦੋਂ ਖੁਦ ਵਾਅਦਾ ਪੂਰਾ ਕਰਨ ਦਾ ਸਮਾਂ ਆਇਆ ਤਾਂ ਮੇਅਰ ਬਿੱਟੂ ਨੇ ਆਪਣੇ ਹੀ ਡੇਅਰੀ ਵਾਲੇ ਭਰਾਵਾਂ ਨਾਲ ਧ੍ਰੋਹ ਕਮਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੇਅਰੀ ਫਾਰਮ ਵਾਲਿਆਂ ਨੇ ਕਾਂਗਰਸ ਮੇਅਰ ਬਿੱਟੂ ਦੇ ਭਰੋਸੇ 'ਤੇ ਵੋਟਾਂ ਪਾਈਆਂ ਪਰ ਸਮਾ ਆਉਣ 'ਤੇ ਸਭ ਤੋਂ ਪਹਿਲਾਂ ਮੇਅਰ ਬਿੱਟੂ ਨੇ ਹੀ ਉਨ੍ਹਾਂ ਨਾਲ ਧੋਖਾ ਕੀਤਾ।

ਡੱਬੀ

ਹਰ ਵਾਰ ਨਵੀਂ ਮੰਗ ਤੇ ਰੋਸ ਪ੍ਰਦਰਸ਼ਨ ਠੀਕ ਨਹੀਂ : ਕਮਿਸ਼ਨਰ

ਨਗਰ ਨਿਗਮ ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਕਿ ਡੇਅਰੀ ਮਾਲਕਾਂ ਦੀ ਸਹਿਮਤੀ ਨਾਲ ਹੀ ਜਗ੍ਹਾ ਦੀ ਅਲਾਟਮੈਂਟ ਦਾ ਕੰਮ ਸ਼ੁਰੂ ਹੋਇਆ ਹੈ। ਵੱਡੀ ਗਿਣਤੀ ਡੇਅਰੀ ਮਾਲਕਾਂ ਵਲੋਂ ਪਲਾਟ ਲੈਣ ਸਬੰਧੀ ਦਰਖਾਸਤਾਂ ਦਿੱਤੀਆਂ ਗਈਆਂ ਹਨ ਜਿਸਦੇ ਅਧਾਰ 'ਤੇ ਅੱਜ ਅਲਾਟਮੈਂਟ ਕੀਤੀ ਗਈ ਹੈ। ਸਾਰੀ ਪ੍ਰਰੀਕ੍ਰਿਆ ਨਿਯਮਾਂ ਦੇ ਤਹਿਤ ਨੇਪਰੇ ਚੜ੍ਹ ਰਹੀ ਹੈ। ਅੱਜ ਵਿਰੋਧ ਹੋਣ ਦੇ ਸਵਾਲ 'ਤੇ ਕਮਿਸ਼ਨਰ ਨੇ ਕਿਹਾ ਕਿ ਕੁਝ ਲੋਕਾਂ ਹਰ ਵਾਰ ਨਵੀਂ ਮੰਗ ਲੈ ਕੇ ਸਾਹਮਣੇ ਆਉਂਦੇ ਹਨ ਜਦੋਂਕਿ ਨਿਗਮ ਪਹਿਲਾਂ ਹੀ ਡੇਅਰੀ ਮਾਲਕਾਂ ਦੀ ਮੰਗ ਅਨੁਸਾਰ ਕੰਮ ਕਰ ਰਿਹਾ ਹੈ। ਇਸ ਲਈ ਹਰ ਵਾਰ ਨਵੀਂ ਮੰਗ ਤੇ ਰੋਸ ਪ੍ਰਦਰਸ਼ਨ ਕਰਨਾ ਠੀਕ ਨਹੀਂ ਹੈ।