ਸੀਨੀਅਰ ਰਿਪੋਰਟਰ, ਪਟਿਆਲਾ : ਪਟਿਆਲਾ ਦੇ ਵਧੀਕ ਸੈਸ਼ਨ ਜੱਜ ਐੱਚਐੱਸ ਗਰੇਵਾਲ ਦੀ ਅਦਾਲਤ ’ਚ ਚੱਲ ਰਹੇ ਨਾਭਾ ਜੇਲ੍ਹ ਬੇ੍ਰਕ ਮਾਮਲੇ ’ਚ ਆਪਣਾ ਇਤਿਹਾਸਕ ਫ਼ੈਸਲਾ ਸੁਣਾਉਂਦੇ ਹੋਏ 22 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ 6 ਨੂੰ ਬਰੀ ਕਰ ਦਿੱਤਾ ਹੈ।

ਵਰਣਨਯੋਗ ਹੈ ਕਿ ਸਾਲ 2016 ਵਿਚ ਨਾਭਾ ਦੀ ਮੈਕਸੀਮਮ ਸਕਿਉਰਿਟੀ ਜੇਲ੍ਹ ਦੇ ਗੇਟ ਅੱਗੇ ਲਗਜ਼ਰੀ ਗੱਡੀਆਂ ਵਿਚ ਸਵਾਰ ਕੁਝ ਵਿਅਕਤੀਆਂ ਨੇ ਹਥਿਆਰਾਂ ਨਾਲ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸਨ। ਇਸ ਹਮਲੇ ਦੌਰਾਨ ਜੇਲ੍ਹ ਵਿਚ ਬੰਦ ਕੈਦੀ ਗੱਡੀਆਂ ਵਿਚ ਫਰਾਰ ਹੋ ਗਏ ਸਨ। ਇਸ ਸਬੰਧੀ ਥਾਣਾ ਕੋਤਵਾਲੀ ਨਾਭਾ ਵਿਖੇ ਮਾਮਲਾ ਦਰਜ ਕਰ ਕੇ ਪੁਲਿਸ ਨੇ ਅਦਾਲਤ ਵਿਚ ਚਾਰਜਸ਼ੀਟ ਦਾਇਰ ਕੀਤੀ ਅਤੇ ਇਹ ਕੇਸ ਕਰੀਬ ਸਾਢੇ 7 ਸਾਲ ਅਦਾਲਤ ਵਿਚ ਚੱਲਿਆ। ਇਸ ਦੀ ਕਾਰਵਾਈ ਹਾਈ ਕੋਰਟ ਦੇ ਹੁਕਮਾਂ ’ਤੇ ਰੋਜ਼ਾਨਾ ਚੱਲਦੀ ਰਹੀ ਅਤੇ ਉਸ ਤੋਂ ਬਾਅਦ ਮੰਗਲਵਾਰ ਨੂੰ ਇਸ ਮਾਮਲੇ ’ਤੇ ਆਪਣਾ ਹੁਕਮ ਦਿੰਦਿਆਂ ਅਦਾਲਤ ਨੇ 22 ਵਿਅਕਤੀਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਤੇ 6 ਵਿਅਕਤੀਆਂ ਨੂੰ ਬਰੀ ਕਰ ਦਿੱਤਾ।

30 ਖ਼ਿਲਾਫ਼ ਦਰਜ ਹੋਇਆ ਸੀ ਮਾਮਲਾ

ਦੱਸ ਦੇਈਏ ਕਿ ਨਾਭਾ ਜੇਲ੍ਹ ਵਿਚ ਬੰਦ ਗੈਂਗਸਟਰ ਗੁਰਪ੍ਰੀਤ ਸੇਖੋਂ ਅਤੇ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਦੇ ਨਾਲ ਫ਼ਰਾਰ ਹੋਏ ਸਾਰੇ ਕੈਦੀ ਹਰ ਐਤਵਾਰ ਨੂੰ ਲੱਗਣ ਵਾਲੇ ਲੰਗਰ ਦੇ ਨਾਂ ’ਤੇ ਨਿਰਧਾਰਤ ਸਮੇਂ ’ਤੇ ਮੁੱਖ ਗੇਟ ’ਤੇ ਇਕੱਠੇ ਹੁੰਦੇ ਸਨ। ਇਸ ਦੌਰਾਨ ਪੁਲਿਸ ਦੀ ਵਰਦੀ ’ਚ ਆਏ ਲੋਕਾਂ ਨੇ ਜੇਲ੍ਹ ’ਤੇ ਹਮਲਾ ਕਰ ਦਿੱਤਾ ਅਤੇ 6 ਕੈਦੀ ਫ਼ਰਾਰ ਹੋ ਗਏ। ਜਾਂਚ ਤੋਂ ਬਾਅਦ ਥਾਣਾ ਕੋਤਵਾਲੀ ਨਾਭਾ ਦੀ ਪੁਲਿਸ ਨੇ 30 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਕੈਦੀਆਂ ਦੀ ਪਛਾਣ ਕੁਲਦੀਪ ਸਿੰਘ ਵਾਸੀ ਭਵਾਨੀਗੜ੍ਹ ਅਤੇ ਨਿਰਮਲ ਖਾਨ ਵਾਸੀ ਅਸ਼ੋਕ ਵਿਹਾਰ ਨਾਭਾ ਵਜੋਂ ਹੋਈ ਹੈ। ਇਹ ਦੋਵੇਂ ਗੌਂਡਰ ਅਤੇ ਸੇਖੋਂ ਦੇ ਨਵੇਂ ਸਾਥੀ ਹਨ। ਕੇਸੀਐੱਫ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

12 ਜਣਿਆਂ ਨੇ ਵਾਰਦਾਤ ਨੂੰ ਦਿੱਤਾ ਸੀ ਅੰਜਾਮ

ਪੁਲਿਸ ਜਾਂਚ ਵਿਚ ਪਤਾ ਲੱਗਿਆ ਕਿ ਪਲਵਿੰਦਰ ਪਿੰਦਾ ਨੇ ਨਾਭਾ ਜੇਲ੍ਹ ਦਾ ਨਕਸ਼ਾ ਬਣਾਇਆ ਸੀ। ਪੇ੍ਰਮਾ ਨੇ ਆਪਣੇ ਸਾਥੀ ਇਕੱਠੇ ਕੀਤੇ, ਗੱਡੀਆਂ ਦਿੱਤੀਆਂ, ਮਨੀ ਨੇ ਹਥਿਆਰਾਂ ਦਾ ਪ੍ਰਬੰਧ ਕੀਤਾ, ਅਸਲਮ ਨੇ ਉਨ੍ਹਾਂ ਨੂੰ ਲੁਕਾਉਣ ਦੀ ਜ਼ਿੰਮੇਵਾਰੀ ਲਈ ਸੀ। ਜੇਲ੍ਹ ਤੋੜਨ ਦੀ ਘਟਨਾ ਨੂੰ 12 ਲੋਕਾਂ ਨੇ ਅੰਜਾਮ ਦਿੱਤਾ ਸੀ। ਵਿੱਕੀ ਗੌਂਡਰ ਅਤੇ ਪੇ੍ਰਮਾ ਲਾਹੌਰੀਆ ਦੋਵੇਂ ਘਟਨਾ ਤੋਂ ਬਾਅਦ ਰਾਜਸਥਾਨ-ਪੰਜਾਬ ਸਰਹੱਦ ’ਤੇ ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਦੇ ਹਿੰਦੂ ਮੱਲ ਕੋਟ ਨੇੜੇ ਪੱਕੀ ਪਿੰਡ ਦੇ ਇਕ ਘਰ ਵਿਚ ਲੁਕੇ ਹੋਏ ਸਨ ਜਿੱਥੇ ਉਨ੍ਹਾਂ ਦਾ 2018 ਵਿਚ ਪੰਜਾਬ ਪੁਲਿਸ ਨਾਲ ਮੁਕਾਬਲਾ ਹੋਇਆ ਸੀ। ਹਾਲਾਂਕਿ ਸਾਲ 2018 ’ਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਅੱਤਵਾਦੀ ਹਰਮਿੰਦਰ ਸਿੰਘ ਮਿੰਟੂ ਦੀ ਜੇਲ ’ਚ ਮੌਤ ਹੋ ਗਈ ਸੀ।

ਇਹ ਹਨ ਦੋਸ਼ੀ

ਅਦਾਲਤ ਵੱਲੋਂ ਦੋਸ਼ੀਆਂ ਦੀ ਸੁੂਚੀ ਵਿਚ ਗੁਰਪ੍ਰੀਤ ਸਿੰਘ ਮਾਂਗੇਵਾਲ, ਮਨਜੀਤ ਸਿੰਘ, ਗੁਰਜੀਤ ਲਾਡਾ, ਭੀਮ ਸਿੰਘ ਸਹਾਇਕ ਜੇਲ੍ਹ ਸੁਪਰਡੈਂਟ, ਜਗਮੀਤ ਸਿੰਘ, ਮਨਜਿੰਦਰ ਸਿੰਘ, ਸੁਲੱਖਣ ਸਿੰਘ, ਗੁਰਪ੍ਰੀਤ ਸਿੰਘ ਬੱਬੀ ਖੇੜਾ, ਪਲਵਿੰਦਰ ਸਿੰਘ ਪਿੰਦਾ, ਬਿੱਕਰ ਸਿੰਘ, ਹਰਜੋਤ ਸਿੰਘ, ਰਵਿੰਦਰ ਸਿੰਘ ਉਰਫ਼ ਗਿਆਨਾ, ਗੁਰਪ੍ਰੀਤ ਸਿੰਘ ਸੇਖੋਂ , ਕਿਰਨਪਾਲ ਸਿੰਘ, ਸੁਖਚੈਨ ਸਿੰਘ, ਰਾਜਵਿੰਦਰ ਸਿੰਘ ਉਰਫ਼ ਰਾਜੂ, ਕੁਲਵਿੰਦਰ ਸਿੰਘ ਤਿੱਬੜੀ, ਸੁਨੀਲ ਕਾਲੜਾ, ਅਮਨਦੀਪ ਸਿੰਘ ਢੇਡੀਆਂ, ਅਮਨ ਕੁਮਾਰ ਅਤੇ ਦੋ ਹੋਰ ਦੇ ਨਾਮ ਸ਼ਾਮਲ ਹਨ।

ਇਹ ਹੋਏ ਬਰੀ

ਇਸ ਮਾਮਲੇ ਵਿਚ ਨਰੇਸ਼ ਨਾਰੰਗ, ਜਤਿੰਦਰ ਸਿੰਘ ਟੈਣੀ, ਮੁਹੰਮਦ ਅਸੀਮ, ਤੇਜਿੰਦਰ ਸ਼ਰਮਾ, ਰਵਿੰਦਰ ਸਿੰਘ ਵਿੱਕੀ ਸਹੋਤਾ, ਰਣਜੀਤ ਸਿੰਘ ਵੱਲੋਂ ਪੇਸ਼ ਹੋਏ ਸੀਨੀਅਰ ਬਚਾਅ ਪੱਖ ਦੇ ਵਕੀਲ ਸੁਮੇਸ਼ ਜੈਨ, ਨਵੀਨ ਤੇ੍ਰਹਨ, ਹਰੀਸ਼ ਆਹੂਜਾ, ਜਤਿੰਦਰ ਆਹੂਜਾ, ਵੈਭਵ ਜੈਨ, ਰਾਘਵ ਸ਼ਰਮਾ ਅਤੇ ਐਡਵੋਕੇਟ ਟੰਡਨ ਦੀਆਂ ਦਲੀਲਾਂ ਤੋਂ ਬਾਅਦ ਉਸ ਨੂੰ ਬਰੀ ਕਰ ਦਿੱਤਾ ਗਿਆ।

Posted By: Seema Anand