ਹਰਿੰਦਰ ਸ਼ਾਰਦਾ, ਪਟਿਆਲਾ : ਸੈਂਟਰਲ ਬੋਰਡ ਆਫ ਸਕੂਲ ਐਜੂਕੇਸ਼ਨ ਤੋਂ ਸਕੂਲਾਂ ਨੂੰ ਮਾਨਤਾ ਲੈਣ ਲਈ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਵਿਭਾਗ ਵਲੋਂ ਸਕੂਲ ਦੀ ਮਾਨਤਾ ਲੈਣ ਲਈ ਸਕੂਲਾਂ ਦੀ ਜਾਂਚ ਪ੍ਰਕਿਰਿਆ ਵਿਚ ਕੁਝ ਬਦਲਾਅ ਕੀਤੇ ਹਨ, ਜਿਸ ਤਹਿਤ ਸਕੂਲ ਦਾ ਨਿਰੀਖਣ ਕਰਨ ਵਾਲੀ ਟੀਮ ਵਲੋਂ ਜਾਂਚ ਦੌਰਾਨ ਪੰਜ ਮਿੰਟ ਦੀ ਵੀਡਿਓ ਬਣਾ ਕੇ ਯੂ-ਟਿਊਬ ਚੈਨਲ 'ਤੇ ਅਪਲੋਡ ਕਰਨੀ ਹੋਵੇਗੀ। ਇਹ ਜਾਂਚ ਰਿਪੋਰਟ ਉਸੇ ਸਮੇਂ ਅਪਲੋਡ ਕਰਨੀ ਪਵੇਗੀ। ਇਸ ਦੇ ਨਾਲ ਹੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਤੋਂ ਵੀ ਐਨਓਸੀ ਲੈਣੀ ਪਵੇਗੀ। ਜਾਣਕਾਰੀ ਅਨੁਸਾਰ ਸੀਬੀਐਸਈ ਬੋਰਡ ਨਿੱਜੀ ਸਕੂਲਾਂ ਖਿਲਾਫ਼ ਸਖਤ ਹੋ ਗਿਆ ਹੈ। ਇਸ ਦੌਰਾਨ ਸੀਬੀਐਸਈ ਬੋਰਡ ਵਲੋਂ ਨਿੱਜੀ ਸਕੂਲਾਂ ਨੂੰ ਮਾਨਤਾ ਉਸ ਸਮੇਂ ਹੀ ਮਿਲੇਗੀ ਜਦੋਂ ਨਿਯਮਾਂ ਮੁਤਾਬਕ ਕਾਰਵਾਈ ਪੂਰੀ ਕਰਨਗੇ। ਵਿਭਾਗ ਨੂੰ ਪਹਿਲਾਂ ਨਿੱਜੀ ਤੌਰ 'ਤੇ ਸਕੂਲਾਂ ਦੀ ਰਿਪੋਰਟ ਤੇ ਵੀਡਿਓ ਤਿਆਰ ਕਰਕੇ ਭੇਜੀ ਜਾਂਦੀ ਸੀ। ਜਿਸ ਕਾਰਨ ਨਿੱਜੀ ਸਕੂਲਾਂ ਦੀ ਪੂਰਨ ਤੌਰ 'ਤੇ ਜਾਣਕਾਰੀ ਨਹੀਂ ਮਿਲ ਪਾਉਂਦੀ ਸੀ। ਸਕੂਲ ਦੀ ਜਾਂਚ ਉਪਰੰਤ ਟੀਮ ਵਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਤੋਂ ਸਕੂਲ ਸਟਾਫ਼ ਦਾ ਪੇ- ਸਕੇਲ ਅਤੇ ਪ੍ਰਾਪਰਟੀ ਸਬੰਧੀ ਦਸਤਾਵੇਜ਼ ਐਨਓਸੀ ਲਵੇਗੀ ਤਾਂ ਬੋਰਡ ਵਲੋਂ ਅਗਲਾ ਫ਼ੈਸਲਾ ਲਿਆ ਜਾਵੇਗਾ।

ਨਿੱਜੀ ਸਕੂਲਾਂ ਦੀ ਲੁੱਟ ਖਸੁੱਟ 'ਤੇ ਨੱਥ ਪਾਉਣ ਲਈ ਚੁੱਕੇ ਕਦਮ

ਸੀਬੀਐਸਈ ਬੋਰਡ ਨੇ ਨਿੱਜੀ ਸਕੂਲਾਂ ਵਲੋਂ ਵਿਦਿਆਰਥੀਆਂ ਦੇ ਮਾਪਿਆਂ ਤੋਂ ਲੁੱਟ ਖਸੁੱਟ 'ਤੇ ਨੱਥ ਪਾਉਣ ਲਈ ਇਹ ਕਦਮ ਉਠਾਏ ਹਨ।ਇਨ੍ਹਾਂ ਨਿਰਦੇਸ਼ਾਂ ਤਹਿਤ ਸੀਬੀਐਸਸੀ ਦੇ ਜਾਂਚ ਅਧਿਕਾਰੀ ਪੂਰਾ ਸਾਲ ਸਕੂਲਾਂ ਦਾ ਨਿਰੱਖਣ ਜਾਰੀ ਰੱਖਣਗੇ ਜਦਕਿ ਇਸ ਤੋਂ ਪਹਿਲਾਂ ਮਾਨਤਾ ਲੈਣ ਤੋਂ ਬਾਅਦ ਸਿਰਫ਼ ਸਕੂਲਾਂ ਦੀ ਹੀ ਜਾਂਚ ਕੀਤੀ ਜਾਂਦੀ ਸੀ। ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਸਿਰਫ਼ ਸਕੂਲ ਦੀ ਹੀ ਵੀਡਿਓਗ੍ਰਾਫ਼ੀ ਕੀਤੀ ਜਾ ਰਹੀ ਸੀ। ਪ੍ਰੰਤੂ ਵੀਡਿਓ ਨੂੰ ਸਿੱਧਾ ਯੂ- ਟਿਊਬ 'ਤੇ ਪਾਉਣ ਦਾ ਰੁਝਾਨ ਪਿਛਲੇ ਸਾਲ ਤੋਂ ਸ਼ੁਰੂ ਹੋਇਆ ਹੈ।

ਸੂਬੇ ਦੇ 1365 ਸੀਬੀਐਸੀ ਸਕੂਲਾਂ 'ਚ ਲਾਗੂ ਹੋਵੇਗਾ ਫੈਸਲਾ

ਇਹ ਫੈਸਲਾ ਸੂਬੇ ਭਰ ਦੇ 1365 ਸੀਬੀਐਸਈ ਮਾਨਤਾ ਪ੍ਰਾਪਤ ਸਕੂਲਾਂ ਵਿਚ ਲਾਗੂ ਹੋਵੇਗਾ। ਇਸ ਤਹਿਤ ਪਟਿਆਲਾ ਦੇ 114, ਲੁਧਿਆਣਾ ਦੇ 154 ਅਤੇ ਜਲੰਧਰ ਤੇ 103 ਸਕੂਲ ਹਨ। ਸੂਬੇ ਦੇ ਹੋਰਨਾਂ ਜ਼ਿਲ੍ਹਿਆਂ ਦੇ ਮੁਕਾਬਲੇ ਇਨ੍ਹਾਂ ਜ਼ਿਲਿ੍ਹਆਂ ਵਿਚ ਸਭ ਤੋਂ ਜ਼ਿਆਦਾ ਮਾਨਤਾ ਪ੍ਰਾਪਤ ਸਕੂਲ ਹਨ। ਜਿਨ੍ਹਾਂ 'ਚ ਨਿਰੱਖਣ ਟੀਮਾਂ ਵਲੋਂ ਚੈਕਿੰਗ ਕੀਤੀ ਜਾਵੇਗੀ।

ਮਾਨਤਾ ਪ੍ਰਕਿਰਿਆ ਪਾਰਦਰਸ਼ੀ ਕਰਨਾ ਹੈ ਮੁੱਖ ਮਕਸਦ ਕੋਆਰਡੀਨੇਟਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਬੀਐਸਈ ਜ਼ਿਲ੍ਹਾ ਕੋਆਰਡੀਨੇਟਰ ਅੰਮਿ੍ਤ ਅੌਜਲਾ ਨੇ ਦੱਸਿਆ ਕਿ ਸੀਬੀਐਸਈ ਦਾ ਮਾਨਤਾ ਪ੍ਰਕਿਰਿਆ ਪਾਰਦਰਸ਼ੀ ਕਰਨਾ ਮੁੱਖ ਮਕਸਦ ਹੈ। ਜਿਸ ਤਹਿਤ ਵੀਡਿਓਗ੍ਰਾਫ਼ੀ ਤੁਰੰਤ ਆਨਲਾਈਨ ਅਪਲੋਡ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਜਾਂਚ ਟੀਮ ਵਲੋਂ ਰਿਪੋਰਟ ਆਨਲਾਈਨ ਹੀ ਭਰੀ ਜਾਵੇਗੀ ਅਤੇ ਸਕੂਲ ਦੀ ਵੀਡਿਓਗ੍ਰਾਫ਼ੀ ਨੂੰ ਯੂ- ਟਿਊਬ 'ਤੇ ਅਪਲੋਡ ਕਰਕੇ ਆਨਲਾਈਨ ਨਿਰੀਖਣ ਕਾਪੀ ਨੂੰ ਯੂਆਰਐਲ ਦੇ ਨਾਲ ਭੇਜੀ ਜਾਵੇਗੀ।