ਕੇਵਲ ਸਿੰਘ, ਅਮਲੋਹ

ਬਾਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਪ੍ਰਧਾਨ ਸੁਭਾਸ਼ ਚੰਦਰ ਲੁਟਾਵਾ ਦੀ ਪ੍ਰਧਾਨਗੀ ਹੇਠ ਹੋਈ। ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ ਪੁਲਿਸ ਵੱਲੋਂ ਐਡਵੋਕੇਟ ਰੋਹਿਤ ਸ਼ਰਮਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ 'ਤੇ ਝੂਠਾ ਮੁਕੱਦਮਾ ਬਿਨਾਂ ਕਿਸੇ ਪੜਤਾਲ ਤੋਂ ਦਰਜ ਕੀਤਾ ਗਿਆ ਹੈ ਜੋ ਕਿ ਸਰਾਸਰ ਧੱਕਾ ਹੈ ਜਿਸਦੀ ਉਹ ਨਿਖੇਧੀ ਵੀ ਕਰਦੇ ਹਨ ਅਤੇ ਉਸ ਦੇ ਸਬੰਧ ਵਿੱਚ 22 ਅਤੇ 23 ਜੁਲਾਈ ਨੂੰ ਸਮੁੱਚੇ ਵਕੀਲਾਂ ਵੱਲੋਂ ਹੜਤਾਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਾਰ ਐਸੋਸੀਏਸ਼ਨ ਵੱਲੋਂ ਕਈ ਵਾਰ ਪੁਲਿਸ ਪ੍ਰਸ਼ਾਸਨ ਕੋਲ ਇਸ ਮਾਮਲੇ ਸਬੰਧੀ ਬਰੀਕੀ ਨਾਲ ਜਾਂਚ ਕਰਨ ਲਈ ਗੁਹਾਰ ਲਗਾਈ ਗਈ, ਪਰ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕੋਈ ਧਿਆਨ ਨਹੀਂ ਦਿੱਤਾ ਗਿਆ। ਜਿਸ ਕਰਕੇ ਉਨ੍ਹਾਂ ਵੱਲੋਂ ਇਹ ਕਦਮ ਚੁੱਕਿਆ ਗਿਆ। ਵਕੀਲ ਭਾਈਚਾਰੇ ਵੱਲੋਂ ਮੰਗ ਕੀਤੀ ਗਈ ਕਿ ਝੂਠੇ ਪਰਚੇ ਨੂੰ ਰੱਦ ਕੀਤਾ ਜਾਵੇ। ਇਸ ਮਾਮਲੇ ਸਬੰਧੀ ਜਦੋਂ ਏਅੱੈਸਆਈ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਿਆਨਾਂ ਦੇ ਆਧਾਰ ਮੌਕਾ ਦੇਖ ਕੇ ਅਤੇ ਮਿਰਚਾਂ ਕਬਜੇ ਲੈ ਕੇ ਪਰਚਾ ਕੀਤਾ ਗਿਆ ਹੈ ਅਤੇ ਇਸ ਕੇਸ ਦੀ ਇਨਕੁਆਰੀ ਡੀਐੱਸਪੀ ਫਤਹਿਗੜ੍ਹ ਸਾਹਿਬ ਵੀ ਕਰ ਰਹੇ ਹਨ ਅਤੇ ਪੜਤਾਲੀਆ ਰਿਪੋਰਟ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।