ਪੱਤਰ ਪੇ੍ਰਰਕ, ਪਟਿਆਲਾ : ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਵਿਚ ਗੈਰ-ਸਰਕਾਰੀ ਸਕੂਲਾਂ ਵਿਚੋਂ ਹਟਕੇ ਸਰਕਾਰੀ ਸਕੂਲਾਂ ਵਿਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਲਈ ਦਾਖਲਾ ਪ੍ਰਕਿਰਿਆ ਵੀ ਬੇਹੱਦ ਸਰਲ ਕਰ ਦਿੱਤੀ ਗਈ ਹੈ।

ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਹਰਿੰਦਰ ਕੌਰ ਤੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਇੰਜੀ. ਅਮਰਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਸਰਕਾਰੀ ਸਕੂਲ ਵਿਚ ਦਾਖਲਾ ਲੈਣ ਦੇ ਚਾਹਵਾਨ ਕਿਸੇ ਵੀ ਵਿਦਿਆਰਥੀ ਨੂੰ ਮਹਿਜ਼ ਦਸਤਾਵੇਜ਼ਾਂ ਦੀ ਘਾਟ ਕਾਰਨ ਦਾਖਲਾ ਦੇਣ ਤੋਂ ਇਨਕਾਰ ਨਹੀਂ ਕੀਤਾ ਜਾਵੇਗਾ। ਮਾਪਿਆਂ ਵੱਲੋਂ ਸਰਕਾਰੀ ਸਕੂਲ ਨੂੰ ਆਪਣੇ ਬੱਚੇ ਦੇ ਦਾਖਲੇ ਲਈ ਇਕ ਅਰਜ਼ੀ ਦੇਣੀ ਹੋਵੇਗੀ। ਅੱਠਵੀਂ ਤਕ ਦੀਆਂ ਜਮਾਤਾਂ ਵਿਚ ਵਿਦਿਆਰਥੀਆਂ ਨੂੰ ਲਾਜ਼ਮੀ ਸਿੱਖਿਆ ਅਧਿਕਾਰ ਕਾਨੂੰਨ ਅਧੀਨ ਉਮਰ ਅਨੁਸਾਰ ਦਾਖਲਾ ਦਿੱਤਾ ਜਾ ਸਕੇਗਾ।

ਉਕਤ ਅਧਿਕਾਰੀਆਂ ਨੇ ਦੱਸਿਆ ਕਿ ਗੈਰ ਸਰਕਾਰੀ ਸਕੂਲ ਵਿਚੋਂ ਹੱਟ ਕੇ ਸਰਕਾਰੀ ਸਕੂਲ ਵਿਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਪੁਰਾਣਾ ਸਕੂਲ ਛੱਡਣ ਦਾ ਜਾਂ ਕਿਸੇ ਵੀ ਹੋਰ ਤਰ੍ਹਾਂ ਦੇ ਦਸਤਾਵੇਜ਼ ਦੀ ਜ਼ਰੂਰਤ ਨਹੀਂ। ਸਰਕਾਰੀ ਸਕੂਲ ਵਿਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਸਕੂਲ ਨੂੰ ਸਿਰਫ਼ ਆਪਣਾ ਆਧਾਰ ਕਾਰਡ ਦੇਣਾ ਹੋਵੇਗਾ। ਆਧਾਰ ਨੰਬਰ ਨਾਲ ਹੀ ਵਿਦਿਆਰਥੀ ਦੀ ਸਾਰੀ ਜਾਣਕਾਰੀ ਈ-ਪੰਜਾਬ ਪੋਰਟਲ ਤੋਂ ਚੈੱਕ ਕੀਤੀ ਜਾ ਸਕੇਗੀ। ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕਿਸੇ ਵਿਦਿਆਰਥੀ ਕੋਲ ਆਧਾਰ ਕਾਰਡ ਜਾਂ ਜਨਮ ਸਰਟੀਫਿਕੇਟ ਵੀ ਨਹੀਂ ਹੈ ਤਾਂ ਵੀ ਉਸ ਵਿਦਿਆਰਥੀ ਨੂੰ ਸਰਕਾਰੀ ਸਕੂਲ ਵੱਲੋਂ ਦਾਖਲਾ ਦੇ ਕੇ ਇਸ ਤਰ੍ਹਾਂ ਦੇ ਲੋੜੀਂਦੇ ਦਸਤਾਵੇਜ਼ ਬਾਅਦ ਵਿਚ ਤਿਆਰ ਕਰਵਾ ਲਏ ਜਾਣ।

ਡੀਈਓਜ਼ ਨੇ ਸਕੂਲ ਮੁਖੀਆਂ ਤੇ ਅਧਿਆਪਕਾਂ ਨੂੰ ਕਿਹਾ ਕਿ ਵਿਦਿਆਰਥੀਆਂ ਦੇ ਦਾਖਲਿਆਂ ਵਿਚ ਇਜ਼ਾਫਾ ਕਰਕੇ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਵੱਧ ਤੋਂ ਵੱਧ ਮਾਪਿਆਂ ਅਤੇ ਬੱਚਿਆਂ ਤਕ ਪਹੁੰਚਾਉਣ। ਜ਼ਿਕਰਯੋਗ ਹੈ ਕਿ ਉਕਤ ਮਨੋਰਥ ਲਈ ਸਰਕਾਰੀ ਸਕੂਲ ਅਧਿਆਪਕ ਵੱਖ-ਵੱਖ ਤਰੀਕਿਆਂ ਨਾਲ ਪਿੰਡਾਂ ਅਤੇ ਸ਼ਹਿਰਾਂ ਵਿੱਚ ਦਾਖਲਾ ਜਾਗਰੂਕਤਾ ਮੁਹਿੰਮ ਚਲਾ ਰਹੇ ਹਨ।