ਸਟਾਫ ਰਿਪੋਰਟਰ, ਪਟਿਆਲਾ : ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਕਿਹਾ ਹੈ ਕਿ ਸਰਕਾਰੀ ਰਾਜਿੰਦਰਾ ਹਸਪਤਾਲ, ਜੋ ਕਿ ਕੋਵਿਡ-19 ਦੇ ਮਰੀਜ਼ਾਂ ਦੀ ਸੰਭਾਲ ਲਈ ਲੈਵਲ-3 ਸਹੂਲਤਾਂ ਨਾਲ ਲੈਸ ਹੈ, ਵਿਖੇ ਆਕਸੀਜਨ ਸਪਲਾਈ ਸਮੇਤ ਜ਼ਿਲ੍ਹੇ ਦੇ ਬਾਕੀ ਸਰਕਾਰੀ ਤੇ ਨਿੱਜੀ ਹਸਪਤਾਲਾਂ 'ਚ ਆਕਸੀਜਨ ਦੀ ਲੋੜੀਂਦੀ ਸਪਲਾਈ ਦੇ ਪ੍ਰਬੰਧ ਮੁਕੰਮਲ ਹਨ।

ਡੀਸੀ ਕੁਮਾਰ ਅਮਿਤ ਨੇ ਅੱਜ ਐੱਸਐੱਸਪੀ ਵਿਕਰਮਜੀਤ ਦੁੱਗਲ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਤੇ ਆਕਸੀਜਨ ਸਪਲਾਈ ਲਈ ਨੋਡਲ ਅਫ਼ਸਰ ਡਾ. ਪ੍ਰਰੀਤੀ ਯਾਦਵ, ਐੱਸਡੀਐੱਮ ਖੁਸ਼ਦਿਲ ਸਿੰਘ ਨਾਲ ਆਕਸੀਜਨ ਸਪਲਾਈ ਦਾ ਮੁਆਇਨਾ ਕਰਨ ਲਈ ਇਕ ਮੀਟਿੰਗ ਕੀਤੀ। ਬਾਅਦ 'ਚ ਰਾਜਪੁਰਾ ਸਥਿਤ ਜੱਲਨ ਗੈਸ ਕੰਪਨੀ ਦੇ ਆਕਸੀਜਨ ਪਲਾਂਟ ਦਾ ਦੌਰਾ ਵੀ ਕੀਤਾ। ਉਨ੍ਹਾਂ ਨੇ ਇਸ ਕੰਪਨੀ ਦੇ ਐੱਮਡੀ ਐੱਸਕੇ ਜੱਲਨ ਤੇ ਰਾਜੀਵ ਜੱਲਨ ਨਾਲ ਮੀਟਿੰਗ ਕਰਕੇ ਤਰਲ ਮੈਡੀਕਲ ਆਕਸੀਜਨ ਦੀ ਵਰਤੋਂ ਸਿਰਫ਼ ਮੈਡੀਕਲ ਕਾਰਜਾਂ ਲਈ ਹੀ ਕੀਤੇ ਜਾਣ ਦੇ ਵੀ ਨਿਰਦੇਸ਼ ਦਿੱਤੇ।

ਇਸ ਦੌਰਾਨ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹੇ 'ਚ ਗੰਭੀਰ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਲੋੜੀਂਦੀ ਆਕਸੀਜਨ ਸਪਲਾਈ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਗਏ ਆਦੇਸ਼ਾਂ ਮੁਤਾਬਕ ਪੂਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜੱਲਨ ਗੈਸ ਪਲਾਂਟ ਲਈ ਨਿਰਵਿਘਨ ਬਿਜਲੀ ਸਪਲਾਈ ਲਈ ਪੰਜਾਬ ਰਾਜ ਬਿਜਲੀ ਨਿਗਮ ਨੂੰ ਕਿਹਾ ਗਿਆ ਹੈ, ਜਦਕਿ ਮੁੱਖ ਮੰਤਰੀ ਦੇ ਹੁਕਮਾਂ ਮੁਤਾਬਕ ਉਦਯੋਗਿਕ ਵਰਤੋਂ ਲਈ ਆਕਸੀਜਨ ਦੀ ਵਰਤੋਂ ਪਹਿਲਾਂ ਹੀ ਬੰਦ ਕੀਤੀ ਹੋਈ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਜਪੁਰਾ ਦੇ ਪਲਾਂਟ ਤੋਂ ਰਾਜਿੰਦਰਾ ਹਸਪਤਾਲ ਤੋਂ ਇਲਾਵਾ ਐੱਸਏਐੱਸ ਨਗਰ ਦੇ ਸੋਹਾਣਾ ਤੇ ਗਿਆਨ ਸਾਗਰ ਹਸਪਤਾਲ, ਸੰਗਰੂਰ, ਬਠਿੰਡਾ ਤੇ ਬਰਨਾਲਾ ਦੇ ਹਸਪਤਾਲਾਂ ਨੂੰ ਵੀ ਆਕਸੀਜਨ ਸਪਲਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇੱਥੇ 24 ਘੰਟੇ ਆਕਸੀਜਨ ਸਿਲੰਡਰ ਭਰਨ ਦਾ ਕੰਮ ਚੱਲ ਰਿਹਾ ਹੈ ਅਤੇ 700 ਤੋਂ 800 ਦੇ ਕਰੀਬ ਸਿਲੰਡਰਾਂ 'ਚ ਆਕਸੀਜਨ ਭਰੀ ਜਾ ਰਹੀ ਹੈ।

-----------

ਆਕਸੀਜਨ ਸਪਲਾਈ ਦੀ ਨਿਗਰਾਨੀ ਲਈ ਟੀਮਾਂ ਗਠਿਤ

ਉਨ੍ਹਾਂ ਦੱਸਿਆ ਕਿ ਆਕਸੀਜਨ ਦੀ ਸਪਲਾਈ 'ਤੇ ਨਿਗਰਾਨੀ ਲਈ ਜ਼ਿਲ੍ਹਾ ਕੰਟਰੋਲ ਰੂਮ ਸਥਾਪਤ ਕਰਨ ਦੇ ਨਾਲ-ਨਾਲ ਸਪਲਾਈ ਨਿਯੰਤਰਨ ਕਰਨ ਤੇ ਇਸ ਦਾ ਮੁਆਇਨਾ ਕਰਨ ਲਈ ਟੀਮਾਂ ਦਾ ਵੀ ਗਠਨ ਕੀਤਾ ਗਿਆ ਹੈ। ਜਿਹੜੀਆਂ ਕਿ ਮੈਡੀਕਲ ਆਕਸੀਜਨ ਦੀ ਅੰਤਰ ਜ਼ਿਲ੍ਹਾ ਅਤੇ ਅੰਤਰ ਰਾਜੀ ਨਿਰਵਿਘਨ ਆਵਾਜਾਈ ਯਕੀਨੀ ਬਣਾਉਣਗੀਆਂ ਅਤੇ ਆਕਸੀਜਨ ਦੀ ਰੋਜ਼ਾਨਾ ਲੋੜ ਅਤੇ ਸਪਲਾਈ 'ਤੇ ਵੀ ਨਿਗਰਾਨੀ ਰੱਖੀ ਜਾਵੇਗੀ। ਇਸ ਤੋਂ ਬਿਨਾਂ ਆਕਸੀਜਨ ਦੀ ਕਾਲਾ ਬਾਜ਼ਾਰੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ।