ਸਟਾਫ ਰਿਪੋਰਟਰ, ਪਟਿਆਲਾ : ਅਰਬਨ ਅਸਟੇਟ ਬਾਈਪਾਸ ਨੇੜੇ ਕੋੋਰੋਨਾ ਟੈਸਟ ਲਈ ਲਾਏ ਪੁਲਿਸ ਨਾਕੇ 'ਤੇ ਮੋਟਰਸਾਈਕਲ ਸਵਾਰਾਂ ਨੇ ਰੋਕਣ ਦੀ ਕੋਸ਼ਿਸ਼ ਕਰਨ ਵਾਲੇ ਪੁਲਿਸ ਵਾਲੰਟੀਅਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਪੁਲਿਸ ਵਾਲੰਟੀਅਰ ਸਣੇ ਤਿੰਨ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਹਾਲਤ ਗੰਭੀਰ ਹੋਣ 'ਤੇ ਉਸ ਨੂੰ ਇਕ ਨਿੱਜੀ ਹਸਪਤਾਲ ਤੋਂ ਬਾਅਦ ਰਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ। ਸ਼ਨਿਚਰਵਾਰ ਦੁਪਹਿਰ ਸਮੇਂ ਵਪਾਰੀ ਇਸ ਘਟਨਾ ਤੋਂ ਬਾਅਦ ਮੌਕੇ 'ਤੇ ਖੜ੍ਹੇ ਲੋਕਾਂ ਨੇ ਹੰਗਾਮਾ ਕਰਨਾ ਸ਼ੁਰੁੂ ਕਰ ਦਿੱਤਾ। ਲੋਕਾਂ ਦਾ ਗੁੱਸਾ ਦੇਖ ਨਾਕਾ ਲਾ ਕੇ ਬੈਠੀ ਪੁਲਿਸ ਤੇ ਮੈਡੀਕਲ ਟੀਮ ਮੌਕੇ ਤੋਂ ਖਿਸਕ ਗਈ। ਲੋਕਾਂ ਨੇ ਦੋਸ਼ ਲਾਇਆ ਕਿ ਪੁਲਿਸ ਵਾਲੰਟੀਅਰ ਨੇ ਨੌਜਵਾਨਾਂ ਨੂੰ ਰੋਕਣ ਲਈ ਚੱਲਦੇ ਮੋਟਰਸਾਈਕਲ ਨੂੰ ਹੱਥ ਪਾਇਆ, ਜਿਸ ਕਾਰਨ ਹਾਦਸਾ ਵਾਪਰ ਗਿਆ।

ਜ਼ਖਮੀ ਹੋਏ ਪੁਲਿਸ ਵਾਲੰਟੀਅਰ ਦੀ ਪਛਾਣ ਗੁਰੂ ਨਾਨਕ ਨਗਰ ਵਾਸੀ ਗੁਰਪ੍ਰਰੀਤ ਸਿੰਘ ਵਜੋਂ ਹੋਈ ਹੈ। ਦੇਰ ਸ਼ਾਮ ਤਕ ਮੋਟਰਸਾਈਕਲ ਸਵਾਰਾਂ ਦਾ ਇਲਾਜ ਚੱਲ ਰਿਹਾ ਸੀ, ਜਦੋਂਕਿ ਮੌਕੇ 'ਤੇ ਤਾਇਨਾਤ ਏਐੱਸਆਈ ਹੁਕਮ ਚੰਦ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਨੌਜਵਾਨ ਨਸ਼ੇ ਦੀ ਹਾਲਤ ਵਿਚ ਸਨ ਤੇ ਇਸੇ ਕਰਕੇ ਹੀ ਹਾਦਸਾ ਵਾਪਰਿਆ ਹੈ। ਹੁਕਮ ਚੰਦ ਅਨੁਸਾਰ ਪਹਿਲਾਂ ਮੋਟਰਸਾਈਕਲ ਉਨ੍ਹਾਂ ਵਿਚ ਵੱਜਣ ਤੋਂ ਬਚਿਆ ਤੇ ਫਿਰ ਸਬ-ਇੰਸਪੈਕਟਰ ਨਾਲ ਟੱਕਰ ਹੋਣ ਲੱਗੀ ਸੀ ਤੇ ਫਿਰ ਵਾਲੰਟੀਅਰ ਵਿਚ ਜਾ ਵੱਜੇ।

ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵੱਲੋਂ ਪਰਮਿੰਦਰ ਸਿੰਘ ਅਤੇ ਉਸ ਦੀ ਮੈਡੀਕਲ ਟੀਮ ਨੇ ਅਰਬਨ ਅਸਟੇਟ ਬਾਈਪਾਸ ਨੇੜੇ ਮੈਰਿਜ ਪੈਲੇਸ ਬਾਹਰ ਸੜਕ 'ਤੇ ਨਾਕਾ ਲਾਇਆ ਹੋਇਆ ਸੀ। ਇੱਥੇ ਪੁਲਿਸ ਅਤੇ ਵਾਲੰਟੀਅਰ ਸੜਕ ਤੋਂ ਲੰਘ ਰਹੇ ਮੋਟਰਸਾਈਕਲ ਸਵਾਰਾਂ ਨੂੰ ਰੋਕ ਰਹੇ ਸਨ ਅਤੇ ਕੋਰੋਨਾ ਟੈਸਟ ਕਰਵਾ ਰਹੇ ਸਨ। ਉਸੇ ਸਮੇਂ ਰਾਜਪੁਰਾ ਵਾਲੇ ਪਾਸਿਓਂ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨ ਆਏ, ਜਿਨ੍ਹਾਂ ਨੂੰ ਏਐੱਸਆਈ ਹੁਕਮ ਚੰਦ ਨੇ ਰੁਕਣ ਦਾ ਇਸ਼ਾਰਾ ਕੀਤਾ। ਇਨ੍ਹਾਂ ਨੌਜਵਾਨਾਂ ਨੇ ਰੁਕਣ ਦੀ ਬਜਾਏ ਮੋਟਰਸਾਈਕਲ ਤੇਜ਼ ਕਰ ਲਿਆ ਤੇ ਸਾਹਮਣੇ ਖੜੇ੍ਹ ਵਾਲੰਟੀਅਰ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਹਾਦਸਾ ਵਾਪਰ ਗਿਆ। ਇਸ ਦੌਰਾਨ ਮੌਕੇ 'ਤੇ ਖੜ੍ਹੇ ਲੋਕਾਂ ਨੇ ਪੁਲਿਸ ਨਾਕਾਬੰਦੀ ਦਾ ਵਿਰੋਧ ਕਰਦਿਆਂ ਹੰਗਾਮਾ ਸ਼ੁਰੂ ਕਰ ਦਿੱਤਾ ਤਾਂ ਮੈਡੀਕਲ ਟੀਮ ਆਪਣੀ ਕਾਰ ਵਿਚ ਬੈਠੇ ਮੌਕੇ ਤੋਂ ਖਿਸਕ ਗਈ।

----------

ਇਹ ਹਾਦਸਾ ਵਾਲੰਟੀਅਰਾਂ ਕਾਰਨ ਹੋਇਆ : ਦੀਪ ਸਿੰਘ

ਮੌਕੇ 'ਤੇ ਖੜ੍ਹੇ ਰਾਹਗੀਰ ਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਲੋਕਾਂ ਨੂੰ ਜ਼ਬਰਦਸਤੀ ਰੋਕ ਰਹੀ ਸੀ ਅਤੇ ਕੋਰੋਨਾ ਟੈਸਟ ਕਰਵਾ ਰਹੀ ਸੀ। ਇਸ ਦੌਰਾਨ ਏਐੱਸਆਈ ਨੇ ਮੋਟਰਸਾਈਕਲ ਸਵਾਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਹ ਨਾ ਰੁਕੇ ਤਾਂ ਸਾਹਮਣੇ ਖੜ੍ਹੇ ਵਾਲੰਟੀਅਰ ਨੇ ਜ਼ਬਰਦਸਤੀ ਮੋਟਰਸਾਈਕਲ ਨੂੰ ਹੱਥ ਪਾ ਲਿਆ, ਜਿਸ ਕਾਰਨ ਮੋਟਰਸਾਈਕਲ ਬੇਕਾਬੂ ਹੋਇਆ। ਦੀਪ ਸਿੰਘ ਨੇ ਕਿਹਾ ਕਿ ਰਾਜਪੁਰਾ ਰੋਡ ਮੁੱਖ ਸੜਕ ਹੈ, ਜਿਥੇ ਵਾਹਨਾਂ ਦੀ ਆਵਾਜਾਈ ਬਹੁਤ ਰਹਿੰਦੀ ਹੈ। ਅਜਿਹੀ ਸੜਕ 'ਤੇ ਕੋਰੋਨਾ ਨਾਕਾ ਲਾਉਣਾ ਜਾਇਜ਼ ਨਹੀਂ ਹੈ ਤੇ ਜਾਂਦੇ ਵਾਹਨ ਨੂੰ ਜਬਰੀ ਫੜ੍ਹ ਕੇ ਰੋਕਣ ਦੀ ਕੋਸ਼ਿਸ਼ ਕਰਨਾ ਹਾਦਸਿਆਂ ਨੂੰ ਸੱਦਾ ਦੇਣਾ ਹੀ ਹੈ।

-------------

ਨਸ਼ੇ ਦੀ ਹਾਲਤ ਵਿਚ ਸਨ ਦੋਵੇਂ ਨੌਜਵਾਨ : ਏਐੱਸਆਈ

ਏਐੱਸਆਈ ਹਾਕਮ ਚੰਦ ਨੇ ਦੱਸਿਆ ਕਿ ਦੋਵੇਂ ਨੌਜਵਾਨ ਨਸ਼ੇ ਦੀ ਹਾਲਤ ਵਿਚ ਸਨ, ਇਨ੍ਹਾਂ ਨੌਜਵਾਨਾਂ ਨੇ ਖ਼ੁਦ ਦੱਸਿਆ ਕਿ ਇਹ ਲੋਕ ਨਸ਼ਾ ਕਰਕੇ ਆ ਰਹੇ ਸਨ। ਫਿਲਹਾਲ ਦੋਵੇਂ ਹਸਪਤਾਲ ਵਿਚ ਦਾਖਲ ਹਨ, ਮੈਡੀਕਲ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।