ਸਟਾਫ ਰਿਪੋਰਟਰ, ਪਟਿਆਲਾ : 34 ਸਾਲ ਪੁਰਾਣੇ ਰੋਡ ਰੇਜ ਕੇਸ ਵਿੱਚ ਸੁਪਰੀਮ ਕੋਰਟ ਵੱਲੋਂ ਇੱਕ ਸਾਲ ਦੀ ਸਖ਼ਤ ਸਜ਼ਾ ਸੁਣਾਏ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਪਟਿਆਲਾ ਅਦਾਲਤ ਵਿੱਚ ਆਤਮ ਸਮਰਪਣ ਕਰਨ ਲਈ ਪਹੁੰਚ ਗਏ ਹਨ। ਉਹ ਇਸ ਤੋਂ ਪਹਿਲਾਂ ਆਪਣੀ ਕਾਰ ਵਿੱਚ ਅਦਾਲਤ ਲਈ ਰਵਾਨਾ ਹੋਇਆ ਸੀ। ਹਰਦਿਆਲ ਕੰਬੋਜ ਅਸ਼ਵਨੀ ਸੇਖੜੀ ਆਪਣੀ ਲੈਂਡ ਕਰੂਜ਼ਰ ਕਾਰ ਵਿੱਚ ਉਨ੍ਹਾਂ ਨਾਲ ਮੌਜੂਦ ਸਨ। ਉਥੇ ਨਵਤੇਜ ਚੀਮਾ ਕਾਰ ਚਲਾ ਰਿਹਾ ਸੀ। ਸਿੱਧੂ ਆਪਣੇ ਨਾਲ ਬੈਗ ਵੀ ਲੈ ਗਏ ਹਨ।

ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਨਵਜੋਤ ਸਿੰਘ ਸਿੱਧੂ ਨੂੰ 34 ਸਾਲ ਪਹਿਲਾਂ ਸੜਕ 'ਤੇ ਝਗੜੇ ਦੌਰਾਨ ਗੁਰਨਾਮ ਸਿੰਘ ਨਾਂ ਦੇ ਬਜ਼ੁਰਗ ਦੀ ਮੌਤ ਦੇ ਮਾਮਲੇ ਵਿੱਚ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਸਿੱਧੂ ਨੂੰ ਇੱਕ ਹਜ਼ਾਰ ਰੁਪਏ ਦਾ ਜੁਰਮਾਨਾ ਲਗਾ ਕੇ ਛੱਡ ਦਿੱਤਾ ਸੀ। ਦੱਸਿਆ ਜਾਂਦਾ ਹੈ ਕਿ ਉਹ ਸਵੇਰ ਤੋਂ ਹੀ ਆਪਣੇ ਵਕੀਲਾਂ ਨਾਲ ਸਲਾਹ ਮਸ਼ਵਰਾ ਕਰ ਰਿਹਾ ਹੈ।

ਉਨ੍ਹਾਂ ਨੇ ਇਕ ਸਾਲ ਲਈ ਜੇਲ੍ਹ ਵਿਚ ਰਹਿਣਾ ਹੈ ਇਸ ਲਈ ਉਨ੍ਹਾਂ ਨੂੰ 4 ਕੁਡ਼ਤੇ ਪਜਾਮੇ, 2 ਪੱਗਾਂ, 3 ਕੱਛੇ ਬਨੈਣਾਂ , ਇਕ ਬੂਟਾਂ ਦਾ ਜੋਡ਼ਾ, 2 ਤੋਲੀਏ, 2 ਵਿਛਾਉਣ ਵਾਲੀਆਂ ਚਾਦਰਾਂ, 2 ਉਪਰ ਲੈਣ ਵਾਲੀਆਂ ਚਾਦਰਾਂ, ਇਕ ਕੰਬਲ, ਇਕ ਸਰਹਾਣਾ 2 ਕਵਰਾਂ ਨਾਲ, ਇਕ ਮੱਛਰਦਾਨੀ, ਇਕ ਮੰਜਾ, ਮੇਜ਼ ਕੁਰਸੀ, ਇਕ ਲਿਖਣ ਲਈ ਮੇਜ਼ ਲੱਕੜੀ ਦਾ ਮੇਜ਼, ਇਕ ਸਵੈਟਰ, 2 ਜੁਰਾਬਾਂ ਦੀ ਜੋੜੀ, ਇਕ ਉੱਨ ਦਾ ਸਵੈਟਰ ਆਦਿ ਸਮਾਨ ਮਿਲੇਗਾ। ਹਾਲਾਂਕਿ ਜੇਲ੍ਹ ਸੁਪਰਡੈਂਟ ਚਾਹੁਣ ਤਾਂ ਉਹ ਆਪਣੀ ਮਰਜ਼ੀ ਦੇ ਕੱਪੜੇ ਪਹਿਨ ਸਕਦੇ ਹਨ।

ਦੁਪਹਿਰ ਨੂੰ ਹਾਥੀ ਦੀ ਸਵਾਰੀ, ਸ਼ਾਮ ਨੂੰ ਸਿੱਧੂ ਕੈਦ

ਇਸ ਤੋਂ ਪਹਿਲਾਂ ਵੀਰਵਾਰ ਨੂੰ ਹਾਥੀ 'ਤੇ ਸਵਾਰ ਹੋ ਕੇ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਆਪਣੇ ਘਰ 'ਚ ਨਜ਼ਰਬੰਦ ਹੋ ਗਏ। ਸਿੱਧੂ ਨੇ ਅਦਾਲਤ ਦੇ ਫੈਸਲੇ 'ਤੇ ਇਕ ਲਾਈਨ ਟਵੀਟ ਕਰਦੇ ਹੋਏ ਲਿਖਿਆ, ਕਾਨੂੰਨ ਦਾ ਫੈਸਲਾ ਸਵੀਕਾਰ ਹੈ...

ਵੀਰਵਾਰ ਨੂੰ ਸਿੱਧੂ ਵਿਰੋਧ ਤੋਂ ਬਾਅਦ ਘਰ ਪਹੁੰਚੇ ਅਤੇ ਅਦਾਲਤ ਦੇ ਫੈਸਲੇ ਨੂੰ ਲੈ ਕੇ ਆਪਣੇ ਕਰੀਬੀ ਵਕੀਲਾਂ ਨਾਲ ਮੁਲਾਕਾਤ ਵੀ ਕੀਤੀ। ਇਸ ਤੋਂ ਬਾਅਦ ਉਹ ਕਾਰ 'ਚ ਬੈਠ ਕੇ ਘਰੋਂ ਨਿਕਲ ਗਏ ਪਰ ਕਰੀਬ 45 ਮਿੰਟ ਬਾਅਦ ਵਾਪਸ ਆਏ ਅਤੇ ਮੁੜ ਘਰ ਤੋਂ ਬਾਹਰ ਨਹੀਂ ਨਿਕਲੇ। ਉਨ੍ਹਾਂ ਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ। ਪ੍ਰਦਰਸ਼ਨ ਸਮੇਂ ਉਨ੍ਹਾਂ ਦੇ ਨਾਲ ਮੌਜੂਦ ਸਮਰਥਕ ਅਦਾਲਤ ਦੇ ਹੁਕਮਾਂ ਤੋਂ ਬਾਅਦ ਸਿੱਧੂ ਦੇ ਘਰ ਦੇ ਆਲੇ-ਦੁਆਲੇ ਵੀ ਨਜ਼ਰ ਨਹੀਂ ਆ ਰਹੇ ਸਨ।

Posted By: Tejinder Thind