ਹਰਿੰਦਰ ਸ਼ਾਰਦਾ, ਪਟਿਆਲਾ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਨੇੜਲੇ ਪਿੰਡ ਕਲਿਆਣ ਦੇ ਗੁਰਦੁਆਰਾ ਸਾਹਿਬ 'ਚੋਂ ਸ੍ਰੀ ਗ੍ੰਥ ਸਾਹਿਬ ਦੇ ਚੋਰੀ ਹੋਏ ਪੁਰਾਤਨ ਸਰੂਪ ਦੇ ਮੁੱਦੇ 'ਤੇ ਅਮਰਿੰਦਰ ਸਿੰਘ ਸਰਕਾਰ ਅਤੇ ਸੁਖਬੀਰ ਸਿੰਘ ਬਾਦਲ 'ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ।

ਮੰਗਲਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 2015 'ਚ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣ 'ਤੇ ਤੱਤਕਾਲੀ ਬਾਦਲ ਸਰਕਾਰ ਵਾਂਗ ਕਾਂਗਰਸ ਸਰਕਾਰ ਪਿੰਡ ਕਲਿਆਣ 'ਚੋਂ ਚੋਰੀ ਹੋਏ ਪਵਿੱਤਰ ਸਰੂਪ ਨੂੰ ਲੱਭਣ 'ਚ ਕੋਈ ਦਿਲਚਸਪੀ ਨਹੀਂ ਦਿਖਾ ਰਹੀ ਹੈ।

ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਨੂੰ ਘੇਰਦਿਆਂ ਚੀਮਾ ਨੇ ਕਿਹਾ ਕਿ ਪਟਿਆਲਾ 'ਚ ਧਰਨਿਆਂ ਦੇ ਡਰਾਮੇ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਜੀ-ਹਜ਼ੂਰੀਏ, ਬਰਗਾੜ੍ਹੀ ਤੇ ਬਹਿਬਲ ਕਲਾਂ-ਕੋਟਕਪੂਰਾ ਗੋਲ਼ੀਕਾਂਡ ਵੇਲੇ ਕਿਥੇ ਸਨ? ਉਨ੍ਹਾਂ ਕਿਹਾ ਕਿ ਬਰਗਾੜੀ-ਬਹਿਬਲ ਕਲਾਂ ਬੇਇਨਸਾਫ਼ੀਆਂ ਵਿਰੁੱਧ ਇਨਸਾਫ਼ ਦੀ ਮੰਗ ਕਰਨ ਵਾਲੀ ਸੰਗਤ ਨੂੰ ਵਿਹਲੀ ਜਨਤਾ ਦੱਸਣ ਵਾਲੇ ਸੁਖਬੀਰ ਬਾਦਲ ਕਿਹੜੇ ਮੂੰਹ ਅਜਿਹੇ ਡਰਾਮੇ ਕਰ ਰਹੇ ਹਨ।

ਚੀਮਾ ਅਤੇ ਸੰਧਵਾਂ ਨੇ ਭੇਤਭਰੇ ਢੰਗ ਨਾਲ ਗਾਇਬ ਹੋਏ 267 ਪਵਿੱਤਰ ਸਰੂਪਾਂ ਦੇ ਮਾਮਲੇ 'ਤੇ ਸੁਖਬੀਰ ਬਾਦਲ ਅਤੇ ਐੱਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਕੋਲੋਂ ਸਪੱਸ਼ਟੀਕਰਨ ਮੰਗਿਆ ਹੈ। ਉਨ੍ਹਾਂ ਕਿਹਾ ਕਿ 267 ਸਰੂਪ ਗਾਇਬ ਹੋਣ 'ਤੇ ਐੱਸਜੀਪੀਸੀ ਸਿੱਧੇ ਤੌਰ 'ਤੇ ਕਟਹਿਰੇ 'ਚ ਹੈ, ਜਿਸ ਦੀ ਕਮਾਨ ਬਾਦਲਾਂ ਕੋਲ ਹੀ ਹੈ।

ਆਗੂਆਂ ਨੇ ਮੰਗ ਕੀਤੀ ਕਿ ਦੋਵਾਂ ਮਾਮਲਿਆਂ ਦੀ ਸਮਾਂਬੱਧ ਜਾਂਚ ਹਾਈ ਕੋਰਟ ਦੀ ਨਿਗਰਾਨੀ ਹੇਠ ਕੁੰਵਰ ਵਿਜੈ ਪ੍ਰਤਾਪ ਸਿੰਘ ਵਾਲੀ ਵਿਸ਼ੇਸ਼ ਜਾਂਚ ਟੀਮ (ਸਿੱਟ) ਦੇ ਹਵਾਲੇ ਕੀਤੀ ਜਾਵੇ।

ਉਨ੍ਹਾਂ ਐਲਾਨ ਕੀਤਾ ਕਿ 267 ਪਾਵਨ ਸਰੂਪਾਂ ਦੇ ਮਾਮਲੇ 'ਤੇ ਆਮ ਆਦਮੀ ਪਾਰਟੀ ਸੰਗਤ ਨੂੰ ਨਾਲ ਲੈ ਕੇ ਸ੍ਰੀ ਅੰਮਿ੍ਤਸਰ ਵਿਖੇ ਧਰਨੇ ਲਾਏੇਗੀ। ਇਸ ਮੌਕੇ ਹਰਚੰਦ ਸਿੰਘ ਬਰਸਟ, ਨੀਨਾ ਮਿੱਤਲ, ਡਾ. ਬਲਵੀਰ ਸਿੰਘ, ਐਡਵੋਕੇਟ ਸਤਬੀਰ ਸਿੰਘ ਬਖਸ਼ੀਵਾਲਾ, ਚੇਤਨ ਸਿੰਘ ਜੋੜੇਮਾਜਰਾ, ਤੇਜਿੰਦਰ ਮਹਿਤਾ, ਪ੍ਰੀਤੀ ਮਲਹੋਤਰਾ ਤੇ ਅਮਿੱਤ ਵਿਕੀ ਆਦਿ ਹਾਜ਼ਰ ਸਨ।