ਨਵਦੀਪ ਢੀਂਗਰਾ, ਪਟਿਆਲਾ : ਆਮ ਆਦਮੀ ਪਾਰਟੀ (ਆਪ) ਨੇ ਪਿੰਡ ਕਲਿਆਣ ਦੇ ਗੁਰਦੁਆਰਾ ਅਰਦਾਸਪੁਰ ਸਾਹਿਬ ਵਿਚੋਂ ਚੋਰੀ ਹੋਏ ਸ੍ਰੀ ਗੁਰੂ ਗ੍ੰਥ ਸਾਹਿਬ ਦੇ ਪੁਰਾਤਨ ਸਰੂਪ ਨੂੰ ਲੱਭਣ 'ਚ ਪੁਲਿਸ ਦੀ ਬੇਹੱਦ ਢਿੱਲੀ ਕਾਰਵਾਈ 'ਤੇ ਇਤਰਾਜ਼ ਪ੍ਰਗਟਾਇਆ ਹੈ। 'ਆਪ' ਆਗੂਆਂ ਨੇ ਕਿਹਾ ਕਿ ਏਨੇ ਸੰਵੇਦਨਸ਼ੀਲ ਮੁੱਦੇ 'ਤੇ ਕੈਪਟਨ ਸਰਕਾਰ ਨੇ ਪਿਛਲੀ ਬਾਦਲ ਸਰਕਾਰ ਵਾਲਾ ਹੀ ਢਿੱਲਾ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ, ਜੋ ਕਈ ਤਰ੍ਹਾਂ ਦੇ ਸ਼ੱਕ-ਸਵਾਲ ਖੜ੍ਹੇ ਕਰ ਰਿਹਾ ਹੈ।

ਸ਼ਨਿੱਚਰਵਾਰ ਨੂੰ ਕਲਿਆਣ ਵਿਖੇ ਗੁਰਦੁਆਰਾ ਅਰਦਾਸਪੁਰਾ ਸਾਹਿਬ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਪਾਰਟੀ ਦੇ ਸੀਨੀਅਰ ਆਗੂ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੇ ਸਰੂਪਾਂ ਦੀਆਂ ਚੋਰੀਆਂ ਦੇ ਮਾਮਲੇ ਮੌਜੂਦਾ ਸਰਕਾਰ ਦੌਰਾਨ ਵੀ ਨਾ ਰੁਕਣਾ ਨਾ ਸਿਰਫ਼ ਵੱਡੀ ਚਿੰਤਾ ਦਾ ਵਿਸ਼ਾ ਹਨ, ਸਗੋਂ ਡੂੰਘੀ ਸਾਜ਼ਿਸ਼ ਵੱਲ ਵੀ ਸੰਕੇਤ ਦਿੰਦੇ ਹਨ।

ਰੋੜੀ ਤੇ ਬਿਲਾਸਪੁਰ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਮਾਮਲੇ 'ਤੇ ਲਾਏ ਗਏ ਧਰਨੇ ਨੂੰ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਖ਼ੁਦ ਬੇਅਦਬੀਆਂ ਦੇ ਦਾਗ਼ ਲਈ ਘੁੰਮ ਰਹੇ ਬਾਦਲ ਗੁਰੂ ਨਾਲ ਜੁੜੇ ਕਿਸੇ ਵੀ ਮਾਮਲੇ 'ਤੇ ਬੋਲਣ ਦਾ ਨੈਤਿਕ ਹੱਕ ਗੁਆ ਚੁੱਕੇ ਹਨ। ਸੱਤਾ ਤੋਂ ਬਾਹਰ ਹੁੰਦਿਆਂ ਹੀ ਬਾਦਲਾਂ ਨੂੰ ਪੰਥ ਅਤੇ ਪੰਜਾਬ ਪ੍ਰਤੀ ਮੋਹ ਕਿਉਂ ਜਾਗ ਪੈਂਦਾ ਹੈ? ਹੁਣ ਸਮੁੱਚੀ ਸੰਗਤ ਸਭ ਸਮਝਦੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਪੁਰਾਤਨ ਸਰੂਪ ਦੇ ਮਾਮਲੇ 'ਚ ਰੱਤੀ ਭਰ ਵੀ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।

'ਆਪ' ਵੱਲੋਂ 17 ਤੋਂ ਸੰਘਰਸ਼ ਦਾ ਐਲਾਨ

ਵਿਧਾਇਕ ਸੰਧਵਾਂ ਨੇ ਕਿਹਾ ਕਿ ਏਨੇ ਦਿਨਾਂ ਬਾਅਦ ਵੀ ਜਾਂਚ ਦੌਰਾਨ ਪੁਲਿਸ ਨੂੰ ਕੋਈ ਸੰਕੇਤ ਨਹੀਂ ਮਿਲਿਆ, ਇਸ ਲਈ ਜਾਂਚ ਮਾਣਯੋਗ ਹਾਈ ਕੋਰਟ ਦੇ ਸੀਟਿੰਗ ਜੱਜ ਹਵਾਲੇ ਕਰ ਕੇ ਇਕ ਉੱਚ ਪੱਧਰੀ ਪੇਸ਼ੇਵਾਰ ਟੀਮ ਰਾਹੀਂ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ 17 ਅਗਸਤ ਤਕ ਸਰਕਾਰ ਨੇ ਜਾਂਚ ਸਿਰੇ ਨਾ ਲਾਈ ਤਾਂ ਆਮ ਆਦਮੀ ਪਾਰਟੀ ਵੀ ਬਾਕੀ ਸੰਗਤ ਅਤੇ ਜਥੇਬੰਦੀਆਂ ਨਾਲ ਸਰਕਾਰ ਵਿਰੁੱਧ ਸੰਘਰਸ਼ ਕਰੇਗੀ।