ਅਸ਼ਵਿੰਦਰ ਸਿੰਘ, ਬਨੂੜ : ਬਨੂੜ ਤੋਂ ਅੰਬਾਲਾ ਵਾਇਆ ਤੇਪਲਾ ਹੋ ਕੇ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ ’ਤੇ ਬੀਤੀ ਦੇਰ ਰਾਤ ਕਾਰ ਤੇ ਘੋੜਾ-ਟਰਾਲਾ ਦੀ ਆਹਮੋ-ਸਾਹਮਣੀ ਭਿਆਨਕ ਟੱਕਰ ਵਿਚ ਕਾਰ ਸਵਾਰ ਨੌਜਵਾਨ ਦੀ ਮੌਤ ਹੋ ਗਈ। ਹਾਦਸੇ ਵਿਚ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ।

ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਹਰਿਆਣਾ ਦੇ ਜ਼ਿਲ੍ਹਾ ਝੱਜਰ ਅਧੀਨ ਪੈਂਦੇ ਜੋਰੀ ਨਗਰ ਬਹਾਦਰਗੜ੍ਹ ਦੇ ਤਿੰਨ ਦੋਸਤ ਕਾਰ ਵਿਚ ਸਵਾਰ ਹੋ ਕੇ ਸ਼ਿਮਲਾ ਆਪਣੇ ਨਿੱਜੀ ਕੰਮ ਲਈ ਜਾ ਰਹੇ ਸਨ। ਜਦੋਂ ਉਹ ਕਾਰ ਸਵਾਰ ਨੌਜਵਾਨ ਬਨੂੜ ਤੋਂ ਅੰਬਾਲਾ ਵਾਇਆ ਤੇਪਲਾ ਹੋ ਕੇ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ ’ਤੇ ਸਥਿਤ ਪਿੰਡ ਖਲੌਰ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਘੋੜਾ-ਟਰਾਲਾ ਨਾਲ ਆਹਮੋ ਸਾਹਮਣੀ ਟੱਕਰ ਹੋ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨ ਖਤਾਨਾਂ ਵਿਚ ਪਲਟ ਗਏ ਤੇ ਕਾਰ ਵਿਚ ਸਵਾਰ ਤਿੰਨੋਂ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਚੁੱਕ ਕੇ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਵਿਚ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਇਕ ਨੌਜਵਾਨ ਨੂੰ ਮਿ੍ਤਕ ਐਲਾਨ ਦਿੱਤਾ।

ਇਸ ਮਾਮਲੇ ਬਾਰੇ ਜਾਂਚ ਅਧਿਕਾਰੀ ਏਐੱਸਆਈ ਰਾਮ ਕਿਸ਼ਨ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਵਿਜੇ ਕੁਮਾਰ (28) ਪੁੱਤਰ ਪ੍ਰੀਤਮ ਤੇ ਜ਼ਖ਼ਮੀ ਨੌਜਵਾਨਾਂ ਦੀ ਪਛਾਣ ਵਿਕਾਸ ਸੈਣੀ ਪੁੱਤਰ ਸੁਮੇਰ ਸਿੰਘ ਤੇ ਪ੍ਰਵੀਨ ਪੁੱਤਰ ਵਜ਼ੀਰ ਸਿੰਘ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਸੈਕਟਰ-32 ਦੇ ਹਸਪਤਾਲ ਵਿੱਚੋਂ ਕਰਵਾ ਕੇ ਵਾਰਸਾਂ ਦੇ ਸਪੁਰਦ ਕਰ ਦਿੱਤੀ ਗਈ ਹੈ। ਮ੍ਰਿਤਕ ਨੌਜਵਾਨ ਆਪਣੇ ਪਿੱਛੇ ਦੋ ਛੋਟੇ ਬੱਚੇ ਤੇ ਪਤਨੀ ਛੱਡ ਗਿਆ ਹੈ।

Posted By: Jagjit Singh