ਰਵਿੰਦਰ ਸਿੰਘ, ਪੰਜੇਟਾ : ਅੱਜ ਸਵੇਰੇ ਸੰਨੀ ਇਨਕਲੇਵ ਗੇਟ ਦੇ ਸਾਹਮਣੇ ਪਟਿਆਲਾ ਤੋਂ ਪਹਿਵਾ ਜਾਣ ਵਾਲੇ ਰਾਜ ਮਾਰਗ 'ਤੇ ਇੱਕ ਸਵਾਰੀਆਂ ਨਾਲ ਭਰੀ ਪੀਆਰਟੀਸੀ ਬੱਸ ਪੀਬੀ11ਸੀਬੀ 9536 ਬੇਕਾਬੂ ਹੋਣ ਕਾਰਨ ਸੰਘਣੇ ਦਰਖ਼ਤਾਂ ਤੇ ਡੂੰਘੇ ਟੋਏ ਵਿੱਚ ਜਾ ਡਿੱਗੀ। ਇਸ ਹਾਦਸੇ ਦੌਰਾਨ ਬੱਸ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਬੱਸ 'ਚ ਸਵਾਰ ਸਵਾਰੀਆਂ ਦਾ ਕਿਸੇ ਪ੍ਰਕਾਰ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀ ਹੋਇਆ। ਮੌਕੇ 'ਤੇ ਥਾਣਾ ਸਦਰ ਪਟਿਆਲਾ ਦੇ ਪੁੁਲਿਸ ਮੁਲਾਜ਼ਮਾਂ ਨੇ ਪਹੁੰਚ ਕੇ ਬੱਸ ਦੇ ਡਰਾਈਵਰ ਦੀ ਲਾਸ਼ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਭੇਜਿਆ।

ਇਸ ਮੌਕੇ ਸਦਰ ਥਾਣਾ ਪਟਿਆਲਾ ਦੇ ਮੁਖੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਬੱਸ ਪਟਿਆਲਾ ਤੋਂ ਦੇਵੀਗੜ੍ਹ ਨੂੰ ਹੁੰਦੀ ਹੋਈ ਅੰਬਾਲਾ ਸ਼ਹਿਰ (ਹਰਿਆਣਾ) ਨੂੰ ਜਾਣੀ ਸੀ ਤੇ ਬੱਸ ਦੇ ਡਰਾਈਵਰ ਵੱਲੋਂ ਸਾਹਮਣੋਂ ਕਿਸੇ ਚੀਜ਼ ਦੇ ਬਚਾਅ ਲਈ ਬੱਸ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪ੍ਰੰਤੂ ਬੱਸ ਤੇਜ਼ ਰਫਤਾਰ ਹੋਣ ਕਾਰਨ ਬੇਕਾਬੂ ਹੋ ਗਈ ਤੇ ਜਾ ਕੇ ਸੰਘਣੇ ਦਰਖਤਾਂ ਤੇ ਡੂੰਘੇ ਟੋਏ ਵਿੱਚ ਜਾ ਡਿੱਗੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਬੱਸ ਦੀ ਤਾਕੀ ਖੁੱਲ੍ਹਣ ਕਾਰਨ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬੱਸ ਚਾਲਕ ਦੀ ਪਛਾਣ ਸੁਖਦੇਵ ਸਿੰਘ (48) ਵਾਸੀ ਪਿੰਡ ਮੀਰਾਪੁਰ ਜ਼ਿਲ੍ਹਾ ਪਟਿਆਲੇ ਵਜੋਂ ਹੋਈ ਹੈ। ਉਨ੍ਹਾਂ ਨੇ ਅੱਗੇ ਇਹ ਵੀ ਦੱਸਿਆ ਕਿ ਬੜੀ ਹੈਰਾਨੀਜਨਕ ਗੱਲ ਹੈ ਕਿ ਬੱਸ 'ਚ ਲਗਭਗ 35 ਤੋਂ 40 ਸਵਾਰੀਆਂ ਸਵਾਰ ਸਨ ਜੋ ਬਿਲਕੁਲ ਠੀਕ ਠਾਕ ਹਨ।

Posted By: Ramanjit Kaur