ਪੰਜਾਬੀ ਜਾਗਰਣ ਪ੍ਰਤੀਨਿੱਧ, ਪਟਿਆਲਾ : ਪਟਿਆਲਾ ਦੀ ਕੇਂਦਰੀ ਜੇਲ੍ਹ 'ਚੋਂ ਦੋ ਦਿਨ ਪਹਿਲਾਂ ਭੱਜੇ ਵਿਚਾਰ ਅਧੀਨ ਕੈਦੀ ਮਨਿੰਦਰ ਸਿੰਘ ਉਰਫ਼ ਗੰਨਾ ਵਾਸੀ ਪਿੰਡ ਲੁਬਾਣਾ ਕਰਮੂ ਨੂੰ ਨਾਭਾ ਸਦਰ ਪੁਲਿਸ ਨੇ ਨਸ਼ੀਲੀਆਂ ਗੋਲ਼ੀਆਂ ਸਮੇਤ ਕਾਬੂ ਕੀਤਾ ਹੈ। ਡੀਐੱਸਪੀ ਦਵਿੰਦਰ ਅੱਤਰੀ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਗਿ੍ਫ਼ਤਾਰ ਕਰਨ ਲਈ ਪਟਿਆਲਾ ਦੇ ਐੱਸਐੱਸਪੀ ਦੀਪਕ ਪਾਰਿਕ ਦੇ ਨਿਰਦੇਸ਼ਾਂ 'ਤੇ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਸੀ ਜਿਸ ਤਹਿਤ 14 ਅਗਸਤ ਨੂੰ ਚੌਕੀ ਛੀਟਾਂਵਾਲਾ ਦੇ ਇੰਚਾਰਜ ਚਮਕੌਰ ਸਿੰਘ ਟੀਮ ਸਮੇਤ ਪਿੰਡ ਫੈਜ਼ਗੜ੍ਹ ਨੇੜੇ ਸਪੈਸ਼ਲ ਨਾਕਾਬੰਦੀ ਕਰਦੇ ਹੋਏ ਮੁਲਜ਼ਮ ਨੂੰ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ। ਜਦੋਂ ਮੁਲਜ਼ਮ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਨਸ਼ੀਲੀਆਂ ਗੋਲ਼ੀਆਂ ਵੀ ਬਰਾਮਦ ਹੋਈਆਂ ਤੇ ਮੁਲਜ਼ਮ ਖ਼ਿਲਾਫ਼ ਥਾਣਾ ਸਦਰ ਨਾਭਾ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਡੀਐੱਸਪੀ ਅੱਤਰੀ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ ਅਤੇ ਮੁਲਜ਼ਮ ਨਸ਼ੇ ਦਾ ਆਦੀ ਹੈ।