ਪਵਿੱਤਰ ਸਿੰਘ, ਅਮਰਗੜ੍ਹ : ਪ੍ਰਾਈਵੇਟ ਸਕੂਲ ਵਿਚ ਕੋਚ ਵਜੋਂ ਰੱਖੇ ਗਏ ਮੁਲਾਜ਼ਮ ਵੱਲੋਂ ਬੱਚਿਆਂ ਨਾਲ ਬਦਫੈਲੀ ਕਰਨ ਤੇ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਅਮਰਗੜ੍ਹ ਨੇ ਪੋਸਕੋ ਅਤੇ ਜੁਵੇਨਾਈਲ ਜਸਟਿਸ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਾਂਚ ਸ਼ੁਰੂ ਹੋਣ ਦੌਰਾਨ ਇਕ ਹੋਰ ਪੀੜਤ ਬੱਚਾ ਸਾਹਮਣੇ ਆਇਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਕੋਚ ਬੱਚਿਆਂ ਨੂੰ ਸਕੂਲ ਵਿਚ ਬਣੇ ਖੇਡ ਮੈਦਾਨ ਵਿਚ ਸਿਖਲਾਈ ਦਿੰਦਾ ਸੀ। ਜਦੋਂ ਵੀ ਕੋਈ ਮਾਸੂਮ ਛੁੱਟੀ ਕਰਦਾ ਸੀ ਜਾਂ ਕੋਈ ਗ਼ਲਤੀ ਕਰਦਾ ਤਾਂ ਇਹ ਕੋਚ ‘ਸਜ਼ਾ’ ਦੇ ਨਾਂ ’ਤੇ ਉਸ ਨਾਲ ਬਦਫੈਲੀ ਕਰਦਾ ਸੀ ਤੇ ਹੋਰਨਾਂ ਬੱਚਿਆਂ ਉੱਪਰ ਦਬਾਅ ਪਾ ਕੇ ਮੋਬਾਈਲ ਰਾਹੀਂ ਵੀਡੀਓ ਬਣਾਉਂਦਾ ਸੀ। ਪੁਲਿਸ ਨੇ ਮੁਲਜ਼ਮ ਕੋਚ ਨੂੰ ਕਾਬੂ ਕਰ ਕੇ ਜੇਲ੍ਹ ਭੇਜਣ ਦੇ ਨਾਲ ਨਾਲ ਕੋਚ ਦੇ ਕਹਿਣ ’ਤੇ ਬੱਚਿਆਂ ਨਾਲ ਬਦਫੈਲੀ ਕਰਨ ਵਾਲੇ ਬੱਚਿਆਂ ਨੂੰ ਬਾਲ ਸੁਧਾਰ ਕੇਂਦਰ ਭੇਜ ਦਿੱਤਾ ਹੈ।
ਲੋਕਾਂ ਦੀ ਮੰਗ ਸਕੂਲ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਤੈਅ ਹੋਵੇ
ਪੀੜਤ ਲੋਕਾਂ ਦਾ ਕਹਿਣਾ ਹੈ ਕਿ ਸਕੂਲ ਵਿਚ ਰੱਖਿਆ ਗਿਆ ਇਹ ਕੋਚ ਮੁੰਡਿਆਂ ਦੇ ਨਾਲ ਕੁੜੀਆਂ ਨੂੰ ਸਿਖਲਾਈ ਦਿੰਦਾ ਸੀ, ਜਿਸ ਕਾਰਨ ਕਈ ਤਰ੍ਹਾਂ ਦੇ ਡਰ ਪੈਦਾ ਹੋ ਰਹੇ ਹਨ। ਪੁਲਿਸ ਵੱਲੋਂ ਕੀਤੀ ਕਾਰਵਾਈ ’ਤੇ ਅਸੰਤੁਸ਼ਟੀ ਜ਼ਾਹਰ ਕਰਦਿਆਂ ਪੀੜਤਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਹੈ? ਕੋਚ ਦੇ ਲੈਪਟਾਪ ਤੇ ਮੋਬਾਈਲ ਫੋਨ ਦੀ ਪੜਤਾਲ ਕੀਤੀ ਜਾਵੇ।
ਇਸ ਸਬੰਧੀ ਡੀਐੱਸਪੀ ਅਮਰਗੜ੍ਹ ਗੁਰਇਕਬਾਲ ਸਿੰਘ ਨੇ ਗੱਲਬਾਤ ਦੌਰਾਨ ਮੰਨਿਆ ਕਿ ਸਕੂਲ ਪ੍ਰਬੰਧਕਾਂ ਕੋਲੋਂ ਅਣਗਹਿਲੀ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਚ ਤੇ ਕੁਝ ਬੱਚਿਆਂ ’ਤੇ ਕਾਰਵਾਈ ਕੀਤੀ ਗਈ ਹੈ। ਮੋਬਾਈਲ ਫੋਨ ਜਾਂਚ ਲਈ ਭੇਜ ਦਿੱਤਾ ਹੈ ਤੇ ਜਲਦੀ ਕੋਚ ਦਾ ਲੈਪਟਾਪ ਕਬਜ਼ੇ ਵਿਚ ਲੈ ਕੇ ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਕ ਹੋਰ ਬੱਚਾ ਸਾਹਮਣੇ ਆਇਆ ਹੈ। ਪੱਤਰਕਾਰਾਂ ਵੱਲੋਂ ਕੋਚ ਦਾ ਨਾਂ ਪੁੱਛਣ ’ਤੇ ਉਹ ਕੰਨੀਂ ਕਤਰਾਉਂਦੇ ਰਹੇ। ਇਵੇਂ ਹੀ, ਥਾਣਾ ਮੁਖੀ ਅਜੀਤ ਸਿੰਘ ਨੇ ਕੋਚ ਦਾ ਨਾਂ ਦੱਸਣ ਤੋਂ ਨਾਂਹ ਕਰ ਦਿੱਤੀ।
Posted By: Jagjit Singh