ਪੰਜਾਬੀ ਜਾਗਰਣ ਪ੍ਰਤੀਨਿਧ, ਪਟਿਆਲਾ : ਜ਼ਿਲ੍ਹਾ ਪਟਿਆਲਾ 'ਚ ਸੱਤ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ ਮਾਮਲਿਆਂ ਨਾਲ ਜ਼ਿਲ੍ਹੇ 'ਚ ਕੁੱਲ ਮਰੀਜ਼ਾਂ ਦੀ ਗਿਣਤੀ 137 ਹੋ ਗਈ ਹੈ। ਇਸ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀ ਕੋਵਿਡ ਜਾਂਚ ਲਈ ਭੇਜੇ ਸੈਂਪਲਾ ਵਿਚੋ 451 ਸੈਂਪਲਾਂ ਦੀਆਂ ਪ੍ਰਾਪਤ ਹੋਈਆਂ ਰਿਪੋਰਟਾਂ 'ਚੋਂ 443 ਸੈਂਪਲਾਂ ਦੀ ਰਿਪੋਰਟ ਕੋਵਿਡ ਨੈਗੇਟਿਵ ਅਤੇ 8 ਕੋਵਿਡ ਪਾਜ਼ੇਟਿਵ ਆਏ ਹਨ। ਜਿਨ੍ਹਾਂ ਵਿਚੋਂ ਸੱਤ ਜ਼ਿਲ੍ਹਾ ਪਟਿਆਲਾ ਅਤੇ ਇੱਕ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ ਹੈ। ਉਨ੍ਹਾਂ ਦੱਸਿਆਂ ਕਿ ਰਾਜਪੁਰਾ ਦੇ ਭਾਈ ਮਤੀ ਦਾਸ ਗੁਰਦੁਆਰਾ ਕੋਲ ਰਹਿਣ ਵਾਲਾ ਇੱਕ ਪੰਜ ਮੈਂਬਰੀ ਪਰਿਵਾਰ ਜੋ ਚੋਰੀ ਛੁਪੇ ਕੁੱਝ ਦਿਨ ਪਹਿਲਾਂ ਦਿੱਲੀ ਤੋਂ ਵਾਪਸ ਰਾਜਪੁਰਾ ਪਰਤੇ ਸਨ, ਜਿਨ੍ਹਾਂ ਦੇ ਬਾਹਰੀ ਰਾਜਾਂ ਤੋਂ ਆਉਣ ਕਾਰਨ ਕੋਰੋਨਾ ਜਾਂਚ ਸਬੰਧੀ ਸੈਂਪਲ ਲਏ ਗਏ ਸਨ, ਜੋ ਪੰਜੇ ਹੀ ਕੋਵਿਡ ਪਾਜ਼ੇਟਿਵ ਆਏ ਹਨ। ਪੁਰਾਣਾ ਰਾਜਪੁਰਾ ਦਾ ਰਹਿਣ ਵਾਲਾ ਹੀ ਇੱਕ 42 ਸਾਲਾ ਵਿਅਕਤੀ ਜੋ ਕਿ ਵਿਦੇਸ਼ ਤੋਂ ਆਉਣ ਕਾਰਨ ਬਹਾਦਰਗੜ੍ਹ ਵਿਖੇ ਗੁਰਦੁਆਰਾ ਸਾਹਿਬ ਵਿਖੇ ਏਕਾਂਤਵਾਸ ਵਿਚ ਰਹਿ ਰਿਹਾ ਸੀ, ਜਿਸ ਦੀ ਵੀ ਕੋਵਿਡ ਜਾਂਚ ਪਾਜ਼ੇਟਿਵ ਪਾਈ ਗਈ ਹੈ। ਇਸ ਤੋਂ ਇਲਾਵਾ ਬਲਾਕ ਪਾਤੜਾਂ ਦੇ ਪਿੰਡ ਸ਼ੇਰਗੜ੍ਹ ਦਾ ਰਹਿਣ ਵਾਲਾ 26 ਸਾਲਾ ਨੌਜਵਾਨ ਜੋ ਬਾਹਰੀ ਰਾਜ ਤੋਂ ਆਇਆ ਸੀ ਦਾ ਵੀ ਕੋਵਿਡ ਜਾਂਚ ਸੈਂਪਲ ਰਿਪੋਰਟ ਪਾਜ਼ੇਟਿਵ ਆਈ ਹੈ। ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਮਲੇਰਕੋਟਲਾ ਦਾ ਰਹਿਣ ਵਾਲਾ 70 ਸਾਲਾ ਬਜੁਰਗ ਜੋਕਿ ਕਿਸੇ ਬਿਮਾਰੀ ਕਾਰਣ ਪਟਿਆਲਾ ਵਿਖੇ ਰਾਜਿੰਦਰਾ ਹਸਪਤਾਲ ਵਿਖੇ ਇਲਾਜ ਲਈ ਆਇਆ ਸੀ ਅਤੇ ਉਸ ਦਾ ਕੋਵਿਡ ਜਾਂਚ ਸਬੰਧੀ ਲਿਆ ਸੈਂਪਲ ਕੋਵਿਡ ਪੋਜਟਿਵ ਪਾਇਆ ਗਿਆ ਹੈ ਜਿਸ ਦੀ ਸੂਚਨਾ ਸਿਵਲ ਸਰਜਨ ਸੰਗਰੂਰ ਨੂੰ ਦੇ ਦਿੱਤੀ ਗਈ ਹੈ।

ਸਿਵਲ ਸਰਜਨ ਡਾ. ਮਲਹੋਤਰਾ ਨੇ ਦੱੱਸਿਆਂ ਕਿ ਪਾਜ਼ੇਟਿਵ ਆਏ ਇਹਨਾਂ ਸਾਰੇ ਵਿਅਕਤੀਆਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਸਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਹਨਾਂ ਦੇ ਕੰਟੈਕਟ ਟਰੇਸਿੰਗ ਕਰਕੇ ਉਹਨਾਂ ਦੇ ਵੀ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਜਾਣਗੇ।

ਉਨ੍ਹਾਂ ਦੱਸਿਆਂ ਕਿ ਪਾਜ਼ੇਟਿਵ ਆਏ ਜਿਆਦਾਤਰ ਵਿਅਕਤੀ ਬਾਹਰੀ ਰਾਜਾਂ ਤੋਂ ਜਾਂ ਵਿਦੇਸ਼ਾ ਤੋਂ ਆਉਣ ਦੀ ਹਿਸਟਰੀ ਨਾਲ ਸਬੰਧਤ ਹਨ, ਇਸ ਲਈ ਉਹਨਾਂ ਬਾਹਰੀ ਰਾਜਾਂ ਤੋਂ ਜ਼ਿਲ੍ਹੇ ਵਿਚ ਆ ਰਹੇ ਯਾਤਰੂਆਂ ਨੂੰ ਅਪੀਲ ਕੀਤੀ ਕਿ ਉਹ ਚਾਹੇ ਕਿਸੇ ਵੀ ਸਾਧਨ ਰਾਹੀ ਆਪਣੇ ਘਰ ਆ ਰਹੇ ਹਨ ਤਾਂ ਉਹ ਆਪਣੀ ਸੂਚਨਾ ਜਿਲਾ ਸਿਹਤ ਵਿਭਾਗ ਦੇ ਕੰਟਰੋਲ ਰੂਮ ਨੰਬਰ 0175-5128793 ਜਾਂ 0175-5127793 ਤੇਂ ਜਰੂਰ ਦੇਣ ਤਾ ਜੋ ਸਿਹਤ ਵਿਭਾਗ ਦੀਆਂ ਟੀਮਾਂ ਵੱਲ ਉਹਨਾਂ ਨੂੰ ਕੁਆਰਨਟੀਨ ਕਰਕੇ ਸਕਰੀਨਿੰਗ ਕੀਤੀ ਜਾ ਸਕੇ ਅਤੇ ਗਾਈਡਲਾਈਨਜ ਅਨੁਸਾਰ ਉਹਨਾਂ ਦੀ ਕੋਵਿਡ ਸਬੰਧੀ ਸੈਂਪਲਿੰਗ ਕੀਤੀ ਜਾ ਸਕੇ। ਉਨ੍ਹਾਂ ਦੱਸਿਆਂ ਕਿ ਮਿਸ਼ਨ ਫ਼ਤਹਿ ਤਹਿਤ ਅੱਜ ਚਾਰ ਹੋਰ ਵਿਅਕਤੀ ਜਿਹਨਾਂ ਵਿਚੋ ਤਿੰਨ ਰਾਜਪੁਰਾ ਅਤੇ ਇੱਕ ਪਟਿਆਲਾ ਨਾਲ ਸਬੰਧਤ ਹੈ, ਨੂੰ ਵੀ ਠੀਕ ਹੋਣ ਅਤੇ ਗਾਈਡਲਾਈਨ ਅਨੁਸਾਰ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।ਇਸ ਤਰਾਂ ਹੁਣ ਤੱਕ ਕਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 113 ਹੋ ਗਈ ਹੈ। ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਵੀ ਜ਼ਿਲ੍ਹੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 441 ਸੈਂਪਲ ਲਏ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਸਬੰਧੀ 7763 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋਂ ਜ਼ਿਲ੍ਹਾ ਪਟਿਆਲਾ 137 ਕੋਵਿਡ ਪਾਜ਼ੇਟਿਵ, 6895 ਨੈਗਟਿਵ ਅਤੇ 868 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪਾਜ਼ੇਟਿਵ ਕੇਸਾਂ ਵਿਚੋਂ ਦੋ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਚੁੱਕੀ ਹੈ, 113 ਕੇਸ ਠੀਕ ਹੋ ਚੁੱਕੇ ਹਨ ਅਤੇ ਜ਼ਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 22 ਹੈ।