ਨਵਦੀਪ ਢੀਂਗਰਾ, ਪਟਿਆਲਾ

ਚੰਡੀਗੜ੍ਹ ਦੀ ਇਕ ਕੰਪਨੀ ਵਲੋਂ ਘੱਟ ਫੀਸ 'ਤੇ ਲੜਕੀਆਂ ਨੂੰ ਸਲਾਈ ਤੇ ਕਢਾਈ ਸਿਖਾਉਣ ਦਾ ਝਾਂਸਾ ਦੇ ਕੇ 9 ਲੱਖ 38 ਹਜ਼ਾਰ 750 ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਤੇ ਆਸ ਪਾਸ ਦੇ ਇਲਾਕਿਆਂ ਵਿਚ ਰਹਿਣ ਵਾਲੀਆਂ ਕਰੀਬ 900 ਲੜਕੀਆਂ ਤੋਂ ਰਾਸ਼ੀ ਇਕੱਠੀ ਕਰਕੇ ਕੰਪਨੀ ਫਰਾਰ ਹੋ ਗਈ। ਪੁਲਿਸ ਨੇ ਕੰਪਨੀ ਡਾਇਰੈਕਟਰ ਸਮੇਤ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਕੰਪਨੀ ਨੇ ਪਟਿਆਲਾ ਵਾਸੀ ਗੁਰਪਿੰਦਰ ਕੌਰ ਨਾਲ ਸੰਪਰਕ ਕੀਤੇ ਤੇ ਉਨਾਂ ਨੇ ਇਸ ਪ੍ਰਰਾਜੈਕਟ ਦੀ ਕਮਾਨ ਸਾਂਭ ਲਈ। ਕਰੀਬ 400 ਲੜਕੀਆਂ ਤੋਂ 690 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ 4 ਲੱਖ 26 ਹਜ਼ਾਰ ਦੀ ਰਾਸ਼ੀ ਇਕੱਠੀ ਕੀਤੀ ਗਈ। ਜਿਸਨੂੰ ਗੁਰਪਿੰਦਰ ਕੌਰ ਵਲੋਂ ਕੰਪਨੀ ਕੋਲ ਜਮਾਂ ਕਰਵਾ ਦਿੱਤਾ ਗਿਆ। ਕੰਪਨੀ ਨੇ ਫਿਰ ਜਾਗਰੂਕਤਾ ਕੈਂਪ ਲਗਾਉਣ ਲਈ 150 ਰੁਪਏ ਹਰ ਉਮੀਦਵਾਰ ਤੋਂ ਲੈਣ ਦੀ ਗੱਲ ਕਹੀ। ਇਹ ਰਾਸ਼ੀ ਵੀ ਇਕੱਤਰ ਕਰਕੇ ਕੰਪਨੀ ਨੂੰ ਦੇ ਦਿੱਤੀ ਗਈ। ਕੰਪਨੀ ਕੋਲ ਪੁੱਲ ਸਾਢੇ 9 ਲੱਖ ਦੀ ਰਾਸ਼ੀ ਜਮਾਂ ਕਰਵਾ ਦਿੱਤੀ ਗਈ ਪਰ ਇਸਤੋ ਬਾਅਦ ਵੀ ਕੰਮ ਸ਼ੁਰੂ ਨਹੀਂ ਹੋਇਆ। ਪੁਲਿਸ ਨੇ ਗੁਰਪਿੰਦਰ ਦੀ ਸ਼ਿਕਾਇਤ 'ਤੇ ਵਨ ਵੇ ਸਕਿੱਲ ਮਨੇਜਮੈਂਟ ਐਂਡ ਟੈਕਨਾਲਾਜੀ ਪ੍ਰਰਾਈਵੇਟ ਲਿਮਟਿਡ ਸੈਕਟਰ 26 ਚੰਡੀਗੜ੍ਹ ਦੇ ਡਾਇਰੈਕਟਰ ਮਦਨ ਯਾਦਵ, ਸੋਹਿਤ ਸ਼ਰਮਾ ਵਲੰਟੀਅਰ, ਵਿਨੀਤ ਬਿੰਦਰਾ ਨੂੰ ਨਾਮਜ਼ਦ ਕੀਤਾ ਹੈ। ਫਿਲਹਾਲ ਇਨਾਂ ਲੋਕਾਂ ਦੀ ਗਿ੍ਫਤਾਰੀ ਨਹੀਂ ਹੋਈ ਹੈ।

ਕੋਰਸ ਪੂਰਾ ਹੋਣ 'ਤੇ ਨਗਦ ਰਾਸ਼ੀ ਦੇਣ ਦਾ ਦਿੱਤਾ ਸੀ ਭਰੋਸਾ

ਪੁਲਿਸ ਮੁਤਾਬਕ ਉਕਤ ਕੰਪਨੀ ਦਾ ਬਹੁਤ ਵੱਡਾ ਨੈਟਵਰਕ ਹੈ, ਜਿਨਾਂ ਨੇ ਪਟਿਆਲਾ ਵਿਚ ਜ਼ਰੂਰਤਮੰਦ ਬੱਚੀਆਂ ਨੂੰ ਘੱਟ ਫੀਸ 'ਤੇ ਸਿਲਾਈ ਤੇ ਕਢਾਈ ਦਾ ਕੋਰਸ ਕਰਵਾਉਣ ਦੀ ਗੱਲ ਕਹੀ ਸੀ। 650 ਰੁਪਏ ਫੀਸ ਲੈਣ ਤੋਂ ਬਾਅਦ ਕੋਰਸ ਖਤਮ ਹੋਣ 'ਤੇ ਹਰ ਵਿਦਿਆਰਥੀ ਨੂੰ 2500 ਰੁਪਏ ਤੇ ਸਰਟੀਫਿਕੇਟ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇਸੇ ਝਾਂਸੇ ਵਿਚ ਆ ਕੇ ਗੁਰਪਿੰਦਰ ਕੌਰ ਨੇ ਕੰਪਨੀ ਨਾਲ ਸੰਪਰਕ ਕੀਤਾ ਸੀ।