ਸਟਾਫ ਰਿਪੋਰਟਰ, ਪਟਿਆਲਾ : ਪੰਜਾਬ ਦੇ ਮੁੱਖ ਸਕੱਤਰ ਵਿਨੀ ਮਹਾਜਨ ਨੇ ਅੱਜ ਇਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ 'ਤੇ ਸਮੁੱਚੇ ਪੰਜਾਬ ਵਿਚ ਚੱਲ ਰਹੇ ਇਹ ਵਿਕਾਸ ਪ੍ਰਾਜੈਕਟਾਂ ਤੇ ਮਹੱਤਵਪੂਰਨ ਯੋਜਨਾਵਾਂ ਦੀ ਤਾਜਾ ਸਥਿਤੀ ਦਾ ਜਾਇਜ਼ਾ ਲੈਣ ਤੇ ਇਨ੍ਹਾਂ ਨੂੰ ਨਿਰਧਾਰਤ ਸਮੇਂ 'ਚ ਮੁਕੰਮਲ ਕਰਵਾਉਣ ਲਈ ਡਵੀਜ਼ਨਲ ਹੈਡਕੁਆਰਟਰਾਂ 'ਤੇ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੀ ਲੜੀ ਤਹਿਤ ਪਟਿਆਲਾ ਡਵੀਜ਼ਨ ਦੇ ਡਿਪਟੀ ਕਮਿਸ਼ਨਰਾਂ ਅਤੇ ਇੰਚਾਰਜ ਪ੍ਰਬੰਧਕੀ ਸਕੱਤਰਾਂ ਨਾਲ ਮੀਟਿੰਗ ਕਰਨ ਪੁੱਜੇ।

ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ ਸਕੂਲਾਂ ਤੇ ਆਂਗਨਵਾੜੀ ਕੇਂਦਰਾਂ 'ਚ ਪੀਣ ਵਾਲੇ ਪਾਣੀ ਦੀ ਸਹੂਲਤ ਉਪਲਬਧ ਕਰਵਾਉਣ ਤੋਂ ਬਾਅਦ ਹੁਣ ਪਖਾਨਿਆਂ ਦੀ ਸਹੂਲਤ ਵੀ ਯਕੀਨੀ ਬਣਾਈ ਜਾਵੇਗੀ।

ਉਨ੍ਹਾਂ ਇਸ ਮੌਕੇ ਕੋਵਿਡ-19 ਤੋਂ ਰਾਜ ਦੇ ਲੋਕਾਂ ਦੇ ਬਚਾਅ ਲਈ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਉਪਰੰਤ ਕੋਵਿਡ ਦੀ ਦਵਾਈ ਦੀ ਹਰੇਕ ਵਿਅਕਤੀ ਤਕ ਪਹੁੰਚ ਯਕੀਨੀ ਬਣਾਉਣ ਲਈ ਜ਼ਮੀਨੀ ਪੱਧਰ 'ਤੇ ਅਗਾਊਂ ਟੀਮਾਂ ਦਾ ਗਠਨ ਕਰਨ ਲਈ ਆਖਿਆ। ਉਨ੍ਹਾਂ ਨੇ ਕੋਵਿਡ ਦੀ ਪੁਸ਼ਟੀ ਲਈ ਆਰਟੀਪੀਸੀਆਰ ਟੈਸਟਾਂ 'ਤੇ ਹੀ ਜ਼ੋਰ ਦਿੰਦਿਆਂ ਸਮੂਹ ਸਰਕਾਰੀ ਮੁਲਾਜ਼ਮਾਂ ਨੂੰ ਇਸ ਦੇ ਘੇਰੇ 'ਚ ਲਿਆਉਣ ਤੋਂ ਇਲਾਵਾ ਹਰੇਕ ਸਰਕਾਰੀ ਦਫ਼ਤਰ 'ਚ ਕੰਮ ਕਰਨ ਵਾਲੇ ਮੁਲਾਜ਼ਮ ਲਈ ਮਾਸਕ ਪਹਿਨਣਾ ਵੀ ਲਾਜ਼ਮੀ ਕਰਾਰ ਦਿੱਤਾ।

ਉਨ੍ਹਾਂ ਨੇ ਦਸੰਬਰ ਮਹੀਨੇ ਦੌਰਾਨ ਕੋਵਿਡ ਦੀ ਅਗਲੀ ਲਹਿਰ 'ਚ ਤੇਜ਼ੀ ਦੀ ਸੰਭਾਵਨਾ ਪ੍ਰਗਟ ਕਰਦਿਆਂ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਆਪੋ ਆਪਣੇ ਜ਼ਿਲਿ੍ਹਆਂ 'ਚ ਵਿਸ਼ੇਸ਼ ਸਾਵਧਾਨੀ ਵਰਤਣ ਲਈ ਕਿਹਾ। ਅਗਲੇ ਸਾਲ ਆਉਣ ਵਾਲੇ ਸੀਜ਼ਨ ਦੌਰਾਨ ਪਰਾਲੀ ਦੇ ਬਿਨਾਂ ਅੱਗ ਲਾਏ ਨਿਪਟਾਰੇ ਲਈ ਹੁਣ ਤੋਂ ਹੀ ਠੋਸ ਸਕੀਮਾਂ ਬਣਾਉਣ ਅਤੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਲੋੜੀਂਦੀ ਹੋਰ ਖੇਤੀ ਮਸ਼ੀਨਰੀ ਬਾਰੇ ਵੀ ਰਿਪੋਰਟ ਭੇਜਣ ਲਈ ਕਿਹਾ। ਉਨ੍ਹਾਂ ਨੇ ਸਮਾਰਟ ਵਿਲੇਜ ਕੈਂਪੇਨ ਅਤੇ ਅਰਬਨ ਇਨਵਾਇਰਨਮੈਂਟ ਇੰਪਰੂਵਮੈਂਟ ਪ੍ਰੋਗਰਾਮ ਦੇ ਦੂਸਰੇ ਪੜਾਅ ਤਹਿਤ ਦਿੱਤੇ ਗਏ ਵਿਕਾਸ ਵੰਡਾਂ ਨੂੰ ਸਮੇਂ ਸਿਰ ਵਿਕਾਸ ਕਾਰਜਾਂ 'ਤੇ ਖਰਚਣਾ ਯਕੀਨੀ ਬਣਾਉਣ ਲਈ ਕਿਹਾ। ਜ਼ਿਲਿ੍ਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਆਪੋ ਆਪਣੇ ਜ਼ਿਲਿ੍ਆਂ ਦੀ ਰਿਪੋਰਟ ਪੇਸ਼ ਕੀਤੀ ਗਈ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਨੀ ਮਹਾਜਨ ਨੇ ਕੋਵਿਡ ਦੇ ਪਸਾਰ ਨੂੰ ਰੋਕਣ ਬਾਰੇ ਪੰਜਾਬ ਸਰਕਾਰ ਦੇ ਪ੍ਰਬੰਧਾਂ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਕਿਹਾ ਕਿ ਪੰਜਾਬ ਆਰਟੀਪੀਸੀਆਰ ਟੈਸਟਾਂ ਦੇ ਮਾਮਲੇ ਵਿਚ ਸਰਬੋਤਮ ਕਾਰਗੁਜ਼ਾਰੀ ਦਿਖਾਉਣ ਵਾਲੇ ਦੇਸ਼ ਦੇ ਪਹਿਲੇ 3 ਸੂਬਿਆਂ 'ਚ ਸ਼ੁਮਾਰ ਹੈ ਅਤੇ ਸਰਕਾਰ ਵੱਲੋਂ ਟੈੇਸਟਿੰਗ ਸਮਰੱਥਾ 30 ਹਜ਼ਾਰ ਪ੍ਰਤੀ ਦਿਨ ਤਕ ਵਧਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਰਾਜ ਵਿਚ ਲੈਵਲ ਦੋ ਅਤੇ ਲੈਵਲ ਤਿੰਨ ਕੋਵਿਡ ਕੇਂਦਰਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਤੇ ਨਿੱਜੀ ਕੇਂਦਰਾਂ ਵਿਚ 30 ਫ਼ੀਸਦੀ ਜ਼ਿਆਦਾ ਸਮਰੱਥਾ ਕੀਤੀ ਗਈ ਹੈ।