ਸੰਜੀਵ ਸ਼ਰਮਾ, ਨਾਭਾ

ਨਵੀਂ ਸ਼ਬਜੀ ਮੰਡੀ ਵਿਖੇ ਥੋਕ ਕਰਿਆਨਾ ਦੁਕਾਨ 'ਤੇ ਤਿੰਨ ਵਪਾਰੀਆਂ ਉੱਤੇ ਦੁਕਾਨਦਾਰ ਉੱਪਰ ਹਮਲਾ ਕਰਨ ਦੇ ਦੋਸ਼ ਲੱਗੇ ਹਨ। ਘਟਨਾ ਸਵੇਰੇ 11 ਵਜੇ ਦੀ ਹੈ ਜਦੋਂ ਸੁਮਿਤ ਦੁਕਾਨ 'ਚ ਬੈਠਾ ਸੀ ਤਾਂ ਅਚਾਨਕ ਜੈ ਪ੍ਰਕਾਸ਼, ਉਸਦਾ ਪੁੱਤਰ ਅਮਨ ਅਤੇ ਹੋਰ ਸਾਥੀ ਦੁਕਾਨ ਵਿਚ ਵੜੇ ਤੇ ਹਮਲਾ ਕਰ ਦਿੱਤਾ। ਇਹ ਹਮਲਾ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਿਆ ਜਿਸ ਵਿਚ ਸਾਫ਼ ਤੌਰ 'ਤੇ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਬਹੁਤ ਬੇਰਿਹਮੀ ਨਾਲ ਸੁਮਿਤ ਦੀ ਕੁੱਟਮਾਰ ਕੀਤੀ।

ਜਾਣਕਾਰੀ ਅਨੁਸਾਰ ਹਮਲਾ ਕਰਨ ਵਾਲੇ ਥੋਕ ਦੇ ਵਪਾਰੀ ਹਨ ਜਿਨ੍ਹਾਂ ਕੋਲ ਕਿਸੇ ਕੰਪਨੀ ਦੇ ਰਿਫਾਇੰਡ ਦੀ ਏਜੰਸੀ ਹੈ ਪਰ ਸੁਮਿਤ ਗੋਇਲ ਇਸੇ ਕੰਪਨੀ ਦਾ ਰਿਫਾਇੰਡ ਬਾਹਰ ਤੋਂ ਮੰਗਵਾ ਕੇ ਨਾਭਾ ਵਿਖੇ ਦੁਕਾਨਦਾਰਾਂ ਨੰੂ ਘੱਟ ਰੇਟ ਤੇ ਵੇਚਦਾ ਸੀ ਜਿਸ ਦੀ ਰੰਜਸ਼ ਕਾਰਨ ਇਹ ਹਮਲਾ ਕੀਤਾ ਗਿਆ। ਹਮਲੇ ਮਗਰੋਂ ਜਦੋਂ ਜ਼ਖ਼ਮੀ ਦੁਕਾਨਦਾਰ ਨੰੂ ਉਸ ਦੀ ਪਤਨੀ ਸ਼ੁਸਮਾ ਸਿਵਲ ਹਸਪਤਾਲ ਲੈ ਕੇ ਜਾਣ ਲੱਗੀ ਤਾਂ ਘਬਰਾਉਣ ਕਰ ਕੇ ਉਹ ਸੜਕ 'ਤੇ ਡਿੱਗ ਪਈ, ਜਿਸ ਨੂੰ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਸਿਰ ਵਿਚ ਗੰਭੀਰ ਸੱਟ ਲੱਗਣ ਕਾਰਨ ਡਾਕਟਰ ਵਲੋਂ ਉੁਸਨੰੂ ਪਟਿਆਲਾ ਰੈਫਰ ਕਰ ਦਿੱਤਾ। ਇਸ ਸਬੰਧੀ ਜ਼ਖ਼ਮੀ ਦੁਕਾਨਦਾਰ ਸੁਮਿਤ ਨੇ ਕਿਹਾ ਕਿ ਜੈ ਪ੍ਰਕਾਸ ਅਤੇ ਉਸ ਦੇ ਪੁੱਤਰ ਨੇ ਜਾਨਲੇਵਾ ਹਮਲਾ ਕੀਤਾ ਗਿਆ ਜਿਨ੍ਹਾਂ ਵੱਲੋਂ ਵਾਪਸ ਜਾਣ ਸਮੇਂ ਵੀ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਦੋਸ਼ੀਆ ਦੀ ਮਦਦ ਕੀਤੀ ਜਾ ਰਹੀ ਹੈ।

ਦੂਜੀ ਧਿਰ ਦਾ ਪੱਖ

ਜਦੋਂ ਜੈ ਪ੍ਰਕਾਸ਼ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੁਮਿਤ ਗੋਇਲ ਉਨ੍ਹਾਂ ਦੀ ਕੰਪਨੀ ਦਾ ਰਿਫਾਇੰਡ ਬਾਹਰ ਤੋਂ ਮੰਗਵਾ ਕੇ ਵੇਚਦਾ ਸੀ ਅਤੇ ਗਾਲ੍ਹਾਂ ਕੱਢਦਾ ਸੀ ਜਿਸ ਕਰਕੇ ਜਦੋਂ ਉਹ ਦੁਕਾਨ 'ਤੇ ਸਮਝਾਉਣ ਗਏ ਤਾਂ ਸੁਮਿਤ ਵਲੋਂ ਗਾਲਾਂ ਕੱਢਣ ਕਰਕੇ ਝਗੜਾ ਹੋ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਵੀ ਇਕ ਸੀਸੀਟੀਵੀ ਫੁਟੇਜ ਹੈ ਜਿਸ ਵਿਚ ਸੁਮਿਤ ਦੀ ਪਤਨੀ ਉਨ੍ਹਾਂ ਦੇ ਪੁੱਤਰ ਦੇ ਥੱਪੜ ਮਾਰ ਰਹੀ ਹੈ।

ਪੁਲਿਸ ਦਾ ਪੱਖ

ਇਸ ਮਾਮਲੇ ਤੇ ਤਫਤੀਸ਼ ਕਰ ਰਹੇ ਸਹਾਇਕ ਥਾਣੇਦਾਰ ਹਰਦੀਪ ਸਿੰਘ ਨੇ ਕਿਹਾ ਕਿ ਡੰੂਘਾਈ ਨਾਲ ਤਫਤੀਸ਼ ਕਰ ਰਹੇ ਹਾਂ। ਜਿਸ ਤੋਂ ਬਾਅਦ ਕਸੂਰਵਾਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।