ਐੱਚਐੱਸ ਸੈਣੀ, ਰਾਜਪੁਰਾ : ਥਾਣਾ ਖੇੜੀ ਗੰਡਿਆ ਪੁਲਿਸ ਨੇ ਪਿੰਡ ਤਖ਼ਤੂਮਾਜਰਾ ਦੇ ਸਰਪੰਚ ਹਰਸੰਗਤ ਸਿੰਘ ਤੇ ਉਸਦੇ ਭਰਾ 'ਤੇ ਜਾਨੋ ਮਾਰਨ ਦੀ ਨੀਅਤ ਨਾਲ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰਨ, ਗੱਡੀ ਦੀ ਤੋੜ-ਭੰਨ੍ਹ ਅਤੇ ਪੈਸਿਆਂ ਤੇ ਸੋਨੇ ਦੀ ਚੈਨ ਦੀ ਖੋਹਣ ਦੇ ਚਲਦਿਆਂ ਤਿੰਨ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਇਰਾਦਾ-ਏ-ਕਤਲ ਸਣੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ, ਜ਼ਿਲ੍ਹਾ ਕੌਂਸਲ ਦੇ ਮੈਂਬਰ ਗਗਨਦੀਪ ਜਲਾਲਪੁਰ, ਜ਼ਿਲ੍ਹਾ ਕਾਂਗਰਸ ਪ੍ਰਧਾਨ ਗੁਰਦੀਪ ਸਿੰਘ ਊਂਟਸਰ ਨੇ ਸਿਵਲ ਹਸਪਤਾਲ 'ਚ ਦੌਰਾ ਕਰ ਕੇ ਸਰਪੰਚ ਹਰਸੰਗਤ ਸਿੰਘ ਤੇ ਉਸਦੇ ਭਰਾ 'ਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ।

ਥਾਣਾ ਖੇੜੀ ਗੰਡਿਆ ਪੁਲਿਸ ਕੋਲ ਪਿੰਡ ਤਖਤੂਮਾਜਰਾ ਦੇ ਸਰਪੰਚ ਹਰਸੰਗਤ ਸਿੰਘ ਨੇ ਬਿਆਨ ਦਰਜ ਕਰਵਾਏ ਕਿ ਉਸਦਾ ਭਰਾ ਗੁਰਮੀਤ ਸਿੰਘ ਜਦੋਂ ਗੱਡੀ 'ਚ ਸਵਾਰ ਹੋ ਕੇ ਆਪਣੇ ਘਰ ਨੂੰ ਜਾਂਦੇ ਸਮੇਂ ਟੀ ਪੁਆਇੰਟ ਪਿੰਡ ਬਢੌਲੀ ਗੁਜਰਾਂ ਨੇੜੇ ਪਹੁੰਚੇ ਤਾਂ ਪੁਰਾਣੀ ਰੰਜਿਸ਼ ਦੇ ਚਲਦਿਆਂ ਪਰਵਿੰਦਰ ਸਿੰਘ, ਹਰਚੰਦ ਸਿੰਘ, ਗੁਰਸੇਵਕ ਸਿੰਘ, ਸੁਰਿੰਦਰਪਾਲ ਸਿੰਘ ਅਤੇ ਨਰਿੰਦਰ ਸਿੰਘ ਖੜ੍ਹੇ ਸਨ। ਉਹਨਾਂ ਨੇ ਉਨ੍ਹਾਂ ਦੀ ਗੱਡੀ ਘੇਰ ਲਈ ਤੇ ਉਸ ਸਣੇ ਉਸਦੇ ਭਰਾ ਦੀ ਕੁੱਟਮਾਰ ਕੀਤੀ।

ਇਸ ਦੌਰਾਨ ਸੁਰਿੰਦਰਪਾਲ ਸਿੰਘ ਨੇ ਆਪਣੀ ਸਿਰੀ ਸਾਹਿਬ ਕੱਢ ਕੇ ਉਸ ਤੇ ਵਾਰ ਕਰਦਿਆਂ ਉਸਦੀ ਉਂਗਲੀ ਤੇ ਸੱਟ ਮਾਰੀ। ਜਦੋਂ ਉਹ ਆਪਣੇ ਭਰਾ ਸਮੇਤ ਸਿਵਲ ਹਸਪਤਾਲ ਰਾਜਪੁਰਾ ਦੀ ਐਮਰਜੈਂਸੀ ਵਿਚ ਦਾਖ਼ਲ ਹੋ ਗਿਆ ਤਾਂ ਉਨ੍ਹਾਂ ਨੂੰ ਜਾਨੋ ਮਾਰਨ ਦੀ ਨੀਅਤ ਨਾਲ ਤੇਜ਼ਧਾਰ ਹਥਿਆਰਾਂ ਨਾਲ ਹਸਪਤਾਲ 'ਚ ਹੀ ਹਮਲਾ ਕਰ ਦਿੱਤਾ।

ਇਸ ਮੌਕੇ ਪਰਵਿੰਦਰ ਸਿੰਘ ਨੇ ਆਪਣੀ ਕਿਰਪਾਨ ਨਾਲ ਉਸ 'ਤੇ ਵਾਰ ਕੀਤਾ ਤੇ ਗੁਰਸੇਵਕ ਸਿੰਘ ਨੇ ਆਪਣੀ ਕਿਰਚ ਉਸਦੀ ਖੱਬੀ ਅੱਖ 'ਤੇ ਮਾਰੀ ਤੇ ਹਰਚੰਦ ਸਿੰਘ ਨੇ ਉਸ 'ਤੇ ਗੰਡਾਸੀ ਦੇ ਨਾਲ ਵਾਰ ਕਰਦਿਆਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਝਗੜੇ ਦੌਰਾਨ ਉਸ ਦੀ ਜੇਬ੍ਹ 'ਚੋਂ 80 ਹਜ਼ਾਰ ਰੁਪਏ ਦੀ ਨਕਦੀ, ਇਕ ਮੋਬਾਈਲ ਫੋਨ, ਸੋਨੇ ਦੀ ਚੈਨ ਖੋਹ ਕੇ ਫਰਾਰ ਹੋ ਗਏ ਤੇ ਉਸ ਦੀ ਸਕਾਰਪਿਓ ਗੱਡੀ ਵੀ ਤੋੜ ਦਿੱਤੀ ਜਿਸ 'ਤੇ ਥਾਣਾ ਖੇੜੀ ਗੰਡਿਆਂ ਪੁਲਿਸ ਨੇ ਉਕਤ ਮਾਮਲੇ ਵਿਚ ਪਰਵਿੰਦਰ ਸਿੰਘ, ਹਰਚੰਦ ਸਿੰਘ, ਗੁਰਸੇਵਕ ਸਿੰਘ, ਕੁਲਦੀਪ ਸਿੰਘ, ਸੁਰਜੀਤ ਸਿੰਘ, ਸੁਰਿੰਦਰਪਾਲ ਸਿੰਘ, ਲਾਭ ਸਿੰਘ, ਨਰਿੰਦਰ ਸਿੰਘ, ਲਖਵੀਰ ਸਿੰਘ, ਜਗਸੀਰ ਨਾਥ, ਰਣਜੀਤ ਸਿੰਘ, ਹੁਸਨਪ੍ਰਰੀਤ ਸਿੰਘ, ਬਲਜੀਤ ਸਿੰਘ, ਸੁਖਚੈਨ ਸਿੰਘ, ਗੁਰਪ੍ਰਰੀਤ ਸਿੰਘ, ਅਵਤਾਰ ਸਿੰਘ, ਮਹਿੰਦਰ ਸਿੰਘ, ਅਮਨਿੰਦਰ ਸਿੰਘ, ਅਮੀਰ ਸਿੰਘ ਵਾਸੀਅਨ ਪਿੰਡ ਤਖਤੂਮਾਜਰਾ, ਦਰਸ਼ਨ ਸਿੰਘ ਵਾਸੀ ਪਿੰਡ ਭਗੜਾਨਾ, ਇੰਦਰ ਰਹੇਜਾ ਸਣੇ 20 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁੁਰੂ ਕਰ ਦਿੱਤੀ ਹੈ।