ਭੁਪਿੰਦਰ ਲਵਲੀ, ਬਲਬੇੜਾ : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਤੇ ਮਜ਼ਦੂਰਾਂ ਦੇ ਅੰਦੋਲਨ ਨੂੰ ਵਿਚੋਲੀਆਂ ਵੱਲੋਂ ਚਲਾਏ ਜਾਣ ਦਾ ਬਿਆਨ ਦੇ ਕੇ ਕਿਸਾਨਾਂ ਦੇ ਜ਼ਖਮਾਂ 'ਤੇ ਲੂਣ ਛਿੜਕਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪਹਿਲਾਂ ਹੀ ਕਿਸਾਨਾਂ ਵਿਰੁੱਧ ਕਾਲੇ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਮਰਨ ਕਿਨਾਰੇ ਛੱਡ ਦਿੱਤਾ ਹੈ। ਇਹ ਪ੍ਰਗਟਾਵਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਮੈਂਬਰ ਪਾਰਲੀਮੈਂਟ ਨੇ ਪਿੰਡ ਅਲੀਪੁਰ ਥੇਹ ਨਿਰੰਜਨ ਸਿੰਘ ਫ਼ੌਜੀ ਜਿਨ੍ਹਾਂ ਦੀ ਧੀ ਮਨਿੰਦਰ ਕੌਰ ਪਿਛਲੇ ਦਿਨੀਂ ਕੈਨੇਡਾ ਵਿਖੇ ਸਵਰਗਵਾਸ ਹੋ ਗਈ ਸੀ, ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਪਰੰਤ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਹਲਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੀ ਉਨ੍ਹਾਂ ਨਾਲ ਮੌਜੂਦ ਸਨ।

ਉਨ੍ਹਾਂ ਕਿਹਾ ਕਿ ਕੇਂਦਰ ਨੇ ਦੇਸ਼ ਦੇ ਅੰਨਦਾਤਾ ਵਿਰੁੱਧ ਕਾਲੇ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਤਬਾਹ ਕਰ ਦਿੱਤਾ ਹੈ। ਪੰਜਾਬ ਵਿਚ ਕੇਂਦਰ ਸਰਕਾਰ ਵਿਰੁੱਧ ਜੋ ਕਿਸਾਨ ਅੰਦੋਲਨ ਚੱਲ ਰਿਹਾ ਹੈ, ਉਹ ਨਿਰੋਲ ਕਿਸਾਨਾਂ ਦਾ ਅੰਦੋਲਨ ਹੈ, ਇਸ ਵਿਚ ਵਿਚੋਲੀਆਂ ਦਾ ਕੋਈ ਕੰਮ ਨਹੀਂ ਹੈ। ਇਸ ਮੌਕੇ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਗੁਰਦੀਪ ਸਿੰਘ ਸ਼ੇਖੂਪੁਰ, ਜਗਜੀਤ ਸਿੰਘ ਕੋਹਲੀ, ਜਸਪਾਲ ਸਿੰਘ ਗਗਰੌਲੀ, ਸੰਦੀਪ ਰਾਜਾ ਤੁੜ ਤੇ ਅਮਰਜੀਤ ਸਿੰਘ ਆਦਿ ਵੀ ਹਾਜ਼ਰ ਸਨ।