ਨਵਦੀਪ ਢੀਂਗਰਾ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦਾ 285 ਕਰੋੜ ਦੇ ਘਾਟੇ ਵਿਚ ਹੈ। ਅੱਜ ਇਸ ਬਾਰੇ ਘਾਟੇ ਵਾਲਾ ਬਜਟ ਵਿੱਤ ਕਮੇਟੀ ਦੀ ਬੈਠਕ ਵਿਚ ਪੇਸ਼ ਕੀਤਾ ਗਿਆ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਦੀ ਪ੍ਰਧਾਨਗੀ ਵਿਚ ਪੰਜਾਬੀ ਯੂਨੀਵਰਸਿਟੀ ਵਿੱਤ ਕਮੇਟੀ ਦੀ ਇਕੱਤਰਤਾ ਹੋਈ। ਇਸ ਇਕੱਤਰਤਾ ਵਿਚ ਪ੍ਰਮੁੱਖ ਸਕੱਤਰ ਅਜੋਏ ਕੁਮਾਰ ਸਿਨਹਾ ਪੰਜਾਬ ਸਰਕਾਰ ਦੇ ਨੁਮਾਇੰਦੇ ਵਜੋਂ ਸ਼ਾਮਿਲ ਹੋਏ।

ਵਿੱਤ ਕਮੇਟੀ ਵੱਲੋਂ ਵਿੱਤੀ ਸਾਲ 2023-24 ਲਈ ਲਗਪਗ 363 ਕਰੋੜ ਦੀ ਆਮਦਨ ਦੇ ਸਾਹਮਣੇ 648 ਕਰੋੜ ਰੁਪਏ ਦੇ ਖਰਚੇ ਦੇ ਬਜਟ ਅਨੁਮਾਨ ਅਨੁਸਾਰ ਲਗਪਗ 285 ਕਰੋੜ ਰੁਪਏ ਦੇ ਘਾਟੇ ਦਾ ਬਜਟ ਪਾਸ ਕਰਨ ਲਈ ਸਿੰਡੀਕੇਟ ਨੂੰ ਸਿਫ਼ਾਰਿਸ਼ ਕੀਤੀ ਗਈ। ਵਿੱਤ ਕਮੇਟੀ ਦੀਆਂ ਸਿਫਾਰਸ਼ਾਂ ਸਿੰਡੀਕੇਟ ਦੀ 29 ਮਾਰਚ ਨੂੰ ਹੋਣ ਵਾਲੀ ਇਕੱਤਰਤਾ ਵਿਚ ਵਿਚਾਰ ਹਿੱਤ ਪੇਸ਼ ਕੀਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਧਿਆਪਕਾਂ ਲਈ ਸੱਤਵਾਂ ਤਨਖਾਹ ਕਮਿਸ਼ਨ ਅਤੇ ਗੈਰ-ਅਧਿਆਪਨ ਅਮਲੇ ਲਈ ਛੇਵਾਂ ਤਨਖਾਹ ਕਮਿਸ਼ਨ ਲਾਗੂ ਹੋਣ ਨਾਲ਼ ਯੂਨੀਵਰਸਿਟੀ ਦਾ ਸਾਲਾਨਾ ਖਰਚਾ ਤਕਰੀਬਨ 100 ਕਰੋੜ ਰੁਪਏ ਵਧਿਆ ਹੈ ਜੋ ਕਿ ਇਸ ਤਾਜ਼ਾ ਬਜਟ ਵਿਚ ਪ੍ਰਦਰਿਸ਼ਤ ਹੋਇਆ। ਅੱਜ ਦੀ ਇਕੱਤਰਤਾ ਵਿਚ ਜਸਵਿੰਦਰ ਸਿੰਘ (ਅੰਡਰ ਸੈਕਟਰੀ) ਵਿੱਤ ਵਿਭਾਗ, ਪੰਜਾਬ ਸਰਕਾਰ ਅਤੇ ਜਸਪ੍ਰੀਤ ਤਲਵਾੜ (ਆਈਏਐੱਸ), ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਉਚੇਰੀ ਸਿੱਖਿਆ ਵਿਭਾਗ ਦੇ ਨੁਮਾਇੰਦੇ ਵਜੋਂ ਡਾ. ਪਰਮਿੰਦਰ ਸਿੰਘ (ਪਿ੍ਰੰਸੀਪਲ, ਸਰਕਾਰੀ ਸਟੇਟ ਕਾਲਜ,ਪਟਿਆਲਾ) ਹਾਜ਼ਰ ਹੋਏ। ਇਨ੍ਹਾਂ ਤੋਂ ਇਲਾਵਾ ਪ੍ਰੋ. ਐੱਸਐੱਸ ਮਰਵਾਹਾ, ਸਾਬਕਾ ਚੇਅਰਮੈਨ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪ੍ਰੋ. ਅਸ਼ੋਕ ਕੁਮਾਰ ਤਿਵਾੜੀ (ਡੀਨ ਅਕਾਦਮਿਕ ਮਾਮਲੇ), ਡਾ. ਨਵਜੋਤ ਕੌਰ (ਰਜਿਸਟਰਾਰ)ਅਤੇ ਡਾ. ਪ੍ਰਮੋਦ ਕੁਮਾਰ ਅਗਰਵਾਲ (ਵਿੱਤ ਅਫ਼ਸਰ) ਸ਼ਾਮਲ ਹੋਏ।

ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਸਿਹਤ ਮੰਤਰੀ ਦੇ ਘਰ ਅੱਗੇ ਧਰਨਾ ਅੱਜ

ਪੰਜਾਬੀ ਯੂਨੀਵਰਸਿਟੀ ਦੇ ਮੇਨ ਗੇਟ ’ਤੇ ‘ਪੰਜਾਬੀ ‘ਵਰਸਿਟੀ ਬਚਾਓ ਮੋਰਚੇ’ ਵੱਲੋਂ ਗ੍ਰਾਂਟ ਨੂੰ ਲੈ ਕੇ ਅਤੇ ਯੂਨੀਵਰਸਿਟੀ ਨੂੰ ਕਰਜ਼ਾ-ਮੁਕਤ ਕਰਨ ਦੀ ਮੰਗ ਨੂੰ ਲੈ ਕੇ 23 ਮਾਰਚ ਨੂੰ ਪੰਜਾਬੀ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਅਤੇ ਪੰਜਾਬ ਦੇ ਸਿਹਤ ਮੰਤਰੀ ਦੀ ਪਟਿਆਲਾ ਵਿਖੇ ਰਿਹਾਇਸ਼ ਵੱਲ ਨੂੰ ਰੋਸ ਮਾਰਚ ਦਾ ਐਲਾਨ ਕੀਤਾ ਹੋਇਆ ਹੈ। ਇਸ ਰੋਸ ਮਾਰਚ ਸੰਬੰਧੀ ਅੱਜ ਮੁਲਾਜ਼ਮਾਂ, ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਸਾਰੇ ਵਿਭਾਗਾਂ ਵਿਚ ਜਾ ਕੇ ਲਾਮਬਂਦ ਕੀਤਾ ਗਿਆ। ਇਹ ਮੋਰਚਾ ਕਈ ਦਿਨਾਂ ਤੋਂ ਲਗਾਤਾਰ ਅਲੱਗ-ਅਲੱਗ ਤਰੀਕਿਆਂ ਨਾਲ਼ ਰੋਸ ਪ੍ਰਦਰਸ਼ਨ ਕਰਦਾ ਹੋਇਆ ਅੱਜ ਇਹ ਦਸਵੇਂ ਦਿਨ ਵਿਚ ਪਹੁੰਚ ਚੁੱਕਾ ਹੈ। ਸ਼ਾਮ ਨੂੰ ਮੋਰਚੇ ਦੀ ਸਟੇਜ ਤੋਂ ਹੀ ਨਾਦ ਰੰਗ ਮੰਚ ਵੱਲੋਂ ਦਵਿੰਦਰ ਦਮਨ ਦਾ ਲਿਖਿਆ ਨਾਟਕ ‘ਛਿਪਣ ਤੋਂ ਪਹਿਲਾਂ’ ਨਾਟਕ ਖੇਡਿਆ ਗਿਆ ਜੋ ਜੋ ਕਿ ਬਲਵਿੰਦਰ ਬੁਲਟ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਸੀ ।

ਡੱਬੀ

ਫੋਟੋਆਂ ਨਹੀਂ ਸਗੋਂ ਨੀਤ ਤੇ ਨੀਅਤ ਬਦਲਣ ਦੀ ਲੋੜ

ਮੋਰਚੇ ਨੇ ਆਖਿਆ ਕਿ ਪੰਜਾਬ ਸਰਕਦਾਰ ਦੇ ਉੱਚ-ਸਿੱਖਿਆ ਮੰਤਰੀ ਨੇ ਸੰਘਰਸ਼ ਦੇ ਦਸਵਾਂ ਦਿਨ ਲੰਘਣ ਬਾਵਜੂਦ ਹੁਣ ਤੱਕ ਪੰਜਾਬੀ ਯੂਨੀਵਰਸਿਟੀ ਨੂੰ ਗ੍ਰਾਂਟ ਦੇਣ ਦੇ ਮਸਲੇ ਤੇ ਚੁੱਪੀ ਧਾਰੀ ਪੰਜਾਬ ਸਰਕਾਰ ਦੀ ਭਰੋਸੇਯੋਗਤਾ ਨੂੰ ਢਿੱਲਾ ਕਰ ਰਿਹਾ ਹੈ। ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਤੋਂ ਗੁਰਦੀਪ ਅਤੇ ਕਲਮਦੀਪ ਜਲੂਰ, ਪੰਜਾਬ ਸਟੁਡੇਂਟ ਯੂਨੀਅਨ (ਲਲਕਾਰ) ਤੋਂ ਗੁਰਪ੍ਰੀਤ ਅਤੇ ਰਤਨ, ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਤੋਂ ਵਰਿੰਦਰ ਅਤੇ ਪਿਰਤਪਾਲ, ਪੰਜਾਬ ਰੈਡੀਕਲ ਸਟੂਡੈਂਟ ਯੂਨੀਅਨ ਤੋਂ ਰਸ਼ਪਿੰਦਰ ਜ਼ਿੰਮੀਂ, ਪੀਐੱਸਐੱਫ ਤੋਂ ਗਗਨ, ਪੰਜਾਬ ਸਟੂਡੈਂਟ ਫੈਡਰੇਸ਼ਨ (ਰੰਧਾਵਾ) ਤੋਂ ਬਲਵਿੰਦਰ ਅਤੇ ਡਾ ਅੰਬੇਡਕਰ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਤੋਂ ਕ੍ਰਾਂਤੀ ਨੇ ਵਿਦਿਆਰਥੀਆਂ ਨੂੰ ਲਾਮਬਂਦ ਕੀਤਾ.। ਅਧਿਆਪਕਾਂ ਵਿਚੋਂ ਡਾ ਗੁਰਨਾਮ ਵਿਰਕ ਅਤੇ ਡਾ. ਰਾਜਦੀਪ ਸਿੰਘ ਨੇ ਅਤੇ ਪੈਨਸ਼ਨਰਜ ਵਿਚੋਂ ਡਾ. ਬਲਵਿੰਦਰ ਸਿੰਘ ਟਿਵਾਣਾ ਕੱਲ ਦੇ ਮੋਰਚੇ ਲਈ ਤਿਆਰੀਆਂ ਸੰਬੰਧੀ ਗਤੀਵਿਧੀਆਂ ਵਿਚ ਭਾਗ ਲਿਆ। ਮੋਰਚੇ ਦੇ ਕਾਰਕੁਨਾਂ ਨੇ ਆਖਿਆ ਸਿਰਫ ਪੰਜਾਬ ਸਰਕਾਰ ਦੇ ਸਿਰਫ ਭਗਤ ਸਿੰਘ ਦੀਆਂ ਫੋਟੋਆਂ ਲਾਉਣ ਨਾਲ ਭਗਤ ਸਿੰਘ ਦੇ ਵਿਚਾਰਾਂ ’ਤੇ ਅਮਲ ਨਹੀਂ ਹੋਵੇਗਾ ਬਲਕਿ ਨੀਅਤ ਅਤੇ ਨੀਤੀ ਵੀ ਬਦਲਣੀ ਪੈਣੀ ਹੈ ਜੋ ਪੰਜਾਬ ਸਰਕਾਰ ਦੀਆਂ ਉੱਚ ਸਿਖਿਆ ਵੱਲ ਵਿਵਹਾਰ ਤੋਂ ਬਿਲਕੁਲ ਵੀ ਨਹੀਂ ਝਲਕਦਾ।

Posted By: Seema Anand