ਸੁਖਦੇਵ ਸਿੰਘ, ਬਟਾਲਾ : ਬਟਾਲਾ ਦੇ ਗੁਰਦਾਸਪੁਰ ਰੋਡ ਬਾਈਪਾਸ 'ਤੇ ਸ਼ਾਮ ਨੂੰ ਚਾਰ ਵਜੇ ਦੇ ਕਰੀਬ ਇਕ ਬੇਕਾਬੂ ਟਰਾਲੇ ਨੇ ਦੋ ਮੋਟਰਸਾਈਕਲਾਂ ਨੂੰ ਲਪੇਟ 'ਚ ਲੈ ਲਿਆ। ਹਾਦਸੇ 'ਚ ਮਾਂ-ਧੀ ਤੇ ਇਕ ਹੋਰ ਔਰਤ ਦੀ ਬੁਰੀ ਤਰ੍ਹਾਂ ਕੁਚਲੇ ਜਾਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਟਰਾਲਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਥਾਣਾ ਸਿਵਲ ਲਾਈਨ ਦੇ ਸਬ-ਇੰਸਪੈਕਟਰ ਸ਼ਿਵ ਕੁਮਾਰ ਅਤੇ ਏਐੱਸਆਈ ਦਲੇਰ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਰਛਪਾਲ ਸਿੰਘ ਆਪਣੀ ਪਤਨੀ ਗੁਰਮੀਤ ਕੌਰ ਵਾਸੀ ਪਿੰਡ ਮੂਸਾ ਜਲੰਧਰ ਨਾਲ ਮੋਟਰਸਾਈਕਲ 'ਤੇ ਬਟਾਲਾ ਤੋਂ ਗੁਰਦਾਸਪੁਰ ਬਾਈਪਾਸ ਰੋਡ ਬਟਾਲਾ 'ਤੇ ਚੜ੍ਹਨ ਲੱਗਾ ਤਾਂ ਉਧਰੋਂ ਆ ਰਹੇ ਵੀਬੀਸੀ ਕੰਪਨੀ ਦੇ ਟਰਾਲਾ ਨੰਬਰ ਪੀਬੀ-03ਏਡਬਲਯੂ-2610 ਨੇ ਲਪੇਟ 'ਚ ਲੈ ਲਿਆ। ਇਸ ਦੌਰਾਨ ਬੇਕਾਬੂ ਹੋਇਆ ਟਰਾਲਾ ਦੂਜੇ ਪਾਸੇ ਖੜ੍ਹੇ ਮੋਟਰਸਾਈਕਲ 'ਤੇ ਸਵਾਰ ਜੋੜੇ ਤੇ ਦੋ ਬੱਚਿਆਂ 'ਤੇ ਚੜ੍ਹ ਗਿਆ। ਹਾਦਸੇ 'ਚ ਗੁਰਮੀਤ ਕੌਰ ਪਤਨੀ ਰਛਪਾਲ ਸਿੰਘ ਵਾਸੀ ਮੂਸਾ ਜਲੰਧਰ, ਹਰਜੀਤ ਕੌਰ ਪਤਨੀ ਗੁਰਮੀਤ ਸਿੰਘ, ਸਿਮਰਨ ਕੌਰ ਪੁੱਤਰੀ ਗੁਰਮੀਤ ਸਿੰਘ ਵਾਸੀਅਨ ਭੁੱਲਰ ਬਟਾਲਾ ਦੀ ਮੌਕੇ 'ਤੇ ਹੀ ਬੁਰੀ ਤਰ੍ਹਾਂ ਕੁਚਲੇ ਜਾਣ ਕਾਰਨ ਮੌਤ ਹੋ ਗਈ ਹੈ।ਉਨ੍ਹਾਂ ਦੱਸਿਆ ਕਿ ਇਸ ਹਾਦਸੇ 'ਚ ਰਛਪਾਲ ਸਿੰਘ ਵਾਸੀ ਮੂਸਾ, ਗੁਰਮੀਤ ਸਿੰਘ ਤੇ ਉਸ ਦਾ ਪੁੱਤਰ ਰਣਜੀਤ ਸਿੰਘ ਵਾਸੀ ਭੁੱਲਰ ਗੰਭੀਰ ਜ਼ਖ਼ਮੀ ਹੋ ਗਏ ਹਨ। ਏਐੱਸਆਈ ਦਲੇਰ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਟਰਾਲੇ ਦਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਗੰਭੀਰ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਬਟਾਲਾ ਪਹੁੰਚਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟ ਲਈ ਭੇਜ ਦਿੱਤਾ ਗਿਆ ਹੈ ਅਤੇ ਟਰਾਲਾ ਨੂੰ ਕਬਜ਼ੇ ਵਿਚ ਲੈ ਲਿਆ ਹੈ। ਕਬਜ਼ੇ 'ਚ ਲਏ ਟਰਾਲੇ ਜ਼ਰੀਏ ਮੁਲਜ਼ਮ ਚਾਲਕ ਨੂੰ ਕਾਬੂ ਕੀਤਾ ਜਾਵੇਗਾ ਤੇ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਡੇਢ ਘੰਟਾ ਲੱਗਾ ਜਾਮ

ਗੁਰਦਾਸਪੁਰ/ਪਠਾਨਕੋਟ ਹਾਈਵੇ 'ਤੇ ਵੱਡਾ ਹਾਦਸਾ ਹੋਣ ਤੋਂ ਬਾਅਦ ਟ੍ਰੈਫਿਕ ਜਾਮ ਰਿਹਾ। ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਰਸਤਾ ਨਾ ਮਿਲਣ ਕਾਰਨ ਵਾਹਨ ਚਾਲਕ ਕਰੀਬ ਡੇਢ ਘੰਟੇ ਤਕ ਟ੍ਰੈਫਿਕ ਬਹਾਲ ਹੋਣ ਦਾ ਇੰਤਜ਼ਾਰ ਕਰਦੇ ਰਹੇ। ਹਾਦਸੇ ਤੇ ਟ੍ਰੈਫਿਕ ਜਾਮ ਦੀ ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ 'ਚ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਪੁੱਜੇ ਤੇ ਟ੍ਰੈਫਿਕ ਬਹਾਲ ਕਰਵਾਇਆ।